ਪਵਨ ਗੋਇਲ
ਭੁੱਚੋ ਮੰਡੀ, 26 ਜੂਨ
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ’ਤੇ ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਤੇ ਲੈਨਿਨਵਾਦੀ ਲਬਿਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਮੋਦੀ ਸਰਕਾਰ ਵੱਲੋਂ ਜਮਹੂਰੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਖ਼ਿਲਾਫ਼ ਪਾਰਕ ਵਿੱਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਮੋਦੀ ਸਰਕਾਰ ਦੀਆਂ ਵੰਡਵਾਦੀ ਸਾਜਿਸ਼ਾਂ, ਫ਼ਿਰਕੂ ਹਿੰਸਾ, ਜਬਰ ਅਤੇ ਵਿਤਕਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਵਿੱਚ ਭਾਕਿਯੂ ਡਕੌਂਦਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਵਰਕਰ ਅਤੇ ਔਰਤਾਂ ਸ਼ਾਮਲ ਹੋਈਆਂ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਪੂਹਲਾ ਤੇ ਜਗਜੀਤ ਸਿੰਘ ਲਹਿਰਾ, ਸੀਪੀਆਈ ਐਮ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਸੀਪੀਆਈਐੱਮਐੱਲ ਲਬਿਰੇਸ਼ਨ ਦੇ ਆਗੂ ਹਰਵਿੰਦਰ ਸੇਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਹੱਕ ਤੇ ਇਨਸਾਫ਼ ਮੰਗਣ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਲੋਕ ਆਗੂਆਂ ਨੂੰ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਖ਼ਿਲਾਫ਼ ਜ਼ਾਲਮਾਨਾ ਰੁਖ਼ ਅਪਣਾ ਕੇ ਉਨ੍ਹਾਂ ਨੂੰ ਫ਼ਿਰਕੂ ਦੰਗਿਆਂ ਦੇ ਖੌਫ ’ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਮਹੂਰੀਅਤ ਪਸੰਦ ਲੋਕਾਂ ਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਕੀਤੀ ਜਾਵੇ, ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਅਗਨੀਪਥ ਯੋਜਨਾ ਵਾਪਸ ਲਈ ਜਾਵੇ।