ਪੱਤਰ ਪ੍ਰੇਰਕ
ਭਦੌੜ, 14 ਜੂਨ
ਸਥਾਨਕ ਕਸਬੇ ਦੇ ਇੱਕੋਂ ਪਰਿਵਾਰ ਵਿੱਚੋਂ ਕਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਸਬੇ ਦੇ ਤਿੰਨ ਮੁਹੱਲੇ ਜੰਗੀਕਾ, ਮਾਨਾਂ ਅਤੇ ਕੌੜਿਆਂ ਦਾ ਮੁਹੱਲਾ ਸੀਲ ਕਰ ਦਿੱਤੇ ਗਏ ਹਨ। ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ, ਇੰਸਪੈਕਟਰ ਗੁਰਵੀਰ ਸਿੰਘ, ਐੱਸਐੱਮਓ ਡਾ. ਪ੍ਰਵੇਸ਼ ਕੁਮਾਰ, ਡਾ. ਸਤਵੰਤ ਸਿੰਘ ਬਾਵਾ, ਬਲਜਿੰਦਰ ਸਿੰਘ ਦੀ ਹਾਜ਼ਰੀ ਵਿਚ ਇਹ ਤਿੰਨੇ ਮੁਹੱਲੇ ਸੀਲ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਫ਼ਾਜਿਲਕਾ, (ਪੱਤਰ ਪ੍ਰੇਰਕ): ਫ਼ਾਜ਼ਿਲਕਾ ਜ਼ਿਲ੍ਹੇ ’ਚ ਅੱਜ 2 ਹੋਰ ਜਣੇ ਕਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਆਪਣੇ ਘਰ ਪਰਤੇ। ਇਨ੍ਹਾਂ ਦੋਵਾਂ ਕੇਸਾਂ ’ਚ ਇਕ 25 ਸਾਲਾ ਨੌਜਵਾਨ ਅਤੇ ਦੂਜੀ ਔਰਤ 65 ਸਾਲ ਦੀ ਸੀ, ਜਿਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਕ ਹੋਰ ਵਿਅਕਤੀ ਸਿਹਤਯਾਬ ਹੋਇਆ
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਜ਼ਿਲ੍ਹੇ ਵਿੱਚ ਅੱਜ ਇਕ ਹੋਰ ਸਖ਼ਸ਼ ਕਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਘਰ ਪਰਤ ਗਿਆ ਹੈ। ਜ਼ਿਲ੍ਹੇ ਵਿੱਚ ਹੁਣ 2 ਐਕਟਿਵ ਕੇਸ ਰਹਿ ਗਏ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਤਲਵੰਡੀ ਸਾਬੋ ਇਲਾਕੇ ਨਾਲ ਸਬੰਧਤ ਇਕ ਵਿਅਕਤੀ ਨੂੰ ਸਿਹਤ ਠੀਕ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿੱਚ 61 ਵਿਅਕਤੀ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦੌਰਾਨ ਅੱਜ ਸਵੇਰ 342 ਹੋਰ ਨਮੂਨਿਆਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ। ਜਦ ਕਿ ਹੁਣ 260 ਹੋਰ ਨਮੂਨਿਆਂ ਦੀ ਰਿਪੋਰਟ ਆਉਣੀ ਬਕਾਇਆ ਹੈ।