ਮਹਿੰਦਰ ਸਿੋਘ ਰੱਤੀਆਂ
ਮੋਗਾ, 2 ਜੂਨ
ਮੋਗਾ ਪੁਲੀਸ ਨੇ ਕਰੋਨਾ ਮਰੀਜ਼ਾਂ ਤੋਂ ਮੁਕਰਰ ਸਰਕਾਰੀ ਰੇਟਾਂ ਤੋਂ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਤੇ ਸਕੈਨਿੰਗ ਸੈਂਟਰਾਂ ਖ਼ਿਲਾਫ਼ ਸ਼ਿਕੰਜਾਂ ਕੱਸ ਦਿੱਤਾ ਗਿਆ ਹੈ। ਜਨਤਕ ਥਾਵਾਂ ’ਤੇ ਸਰਕਾਰ ਵੱਲੋਂ ਮਰੀਜ਼ਾਂ ਲਈ ਮੁਕਰਰ ਰੇਟਾਂ ਦੇ ਪੋਸਟਰ ਅਤੇ ਸ਼ਿਕਾਇਤ ਲਈ ਹੈਲਪਲਾਈਨ ਨੰਬਰ 96568-96568 ਜਾਰੀ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜੇ ਕੋਈ ਹਸਪਤਾਲ ਜਾਂ ਡਾਕਟਰ ਜਾਂ ਸਕੈਨਿੰਗ ਸੈਂਟਰ, ਮੈਡੀਕਲ ਸਟੋਰ ਜਾਂ ਕੋਈ ਹੋਰ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਆਰਥਿਕ ਸ਼ੋਸ਼ਣ ਕਰਦਾ ਹੈ ਤਾਂ ਉਸ ਖ਼ਿਲਾਫ਼ ਐਪੀਡੈਮਿਕ ਡਿਸੀਜ਼ ਐਕਟ ਤਹਿਤ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਪ੍ਰਾਈਵੇਟ ਹਸਪਤਾਲ ਤੇ ਸਕੈਨਿੰਗ ਸੈਂਟਰ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟਾਂ ਤੋਂ ਵੱਧ ਚਾਰਜ ਕਰਕੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਠੱਗ ਰਹੇ ਹਨ। ਉਨ੍ਹਾਂ ਕਿਹਾ ਕਿ ਨਈ ਉਡਾਨ ਸੰਸਥਾ ਦੇ ਪ੍ਰਧਾਨ ਨਵੀਨ ਸਿੰਗਲਾ ਦੇ ਸਹਿਯੋਗ ਸ਼ਹਿਰ ਵਿੱਚ ਕਰੀਬ 6 ਹਜ਼ਾਰ ਛੋਟੇ ਪੋਸਟਰ ਅਤੇ 100 ਦੇ ਕਰੀਬ ਫਲੈਕਸੀ ਬੋਰਡ ਜਨਤਕ ਥਾਵਾਂ ’ਤੇ ਲਾਏ ਗਏ ਹਨ ਅਤੇ ਪੇਂਡੂ ਖੇਤਰਾਂ ਵਿੱਚ ਵੀ ਇਹ ਫਲੈਕਸੀ ਬੋਰਡ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਕੋਲ ਕਾਰਵਾਈ ਕਰਨ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਚਾਰਾ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਇਸ ਮੁਸ਼ਕਲ ਸਮੇਂ ਦੌਰਾਨ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ। ਪਰ ਸਿਸਟਮ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਸਥਿਤੀ ਦਾ ਅਣਉਚਿਤ ਫਾਇਦਾ ਉਠਾ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਅਜਿਹੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤਾਂ ਤੋਂ ਤੁਰੰਤ ਬਾਜ ਆ ਜਾਣ ਨਹੀਂ ਤਾਂ ਸਖਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸ ਮੌਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਵੀ ਮੌਜੂਦ ਸਨ।