ਜੋਗਿੰਦਰ ਸਿੰਘ ਮਾਨ
ਮਾਨਸਾ, 18 ਮਈ
ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਕੋਵਿਡ ਨੂੰ ਪਿੰਡਾਂ ਵਿਚ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਪੁਲੀਸ ਵੱਲੋਂ ਨਿਵੇਕਲੀ ਪਹਿਲ ਤਹਿਤ ਠੀਕਰੀ ਪਹਿਰਿਆਂ ਦੇ ਨਾਲ-ਨਾਲ ਪਿੰਡ ਪੱਧਰ ’ਤੇ ਪੰਚਾਂ-ਸਰਪੰਚਾਂ ਸਣੇ ਮੋਹਤਬਰਾਂ ਦੇ ਵ੍ਹਟਸਐਪ ਗਰੁੱਪ ਬਣਾ ਕੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਿੰਡਾਂ ਵਿੱਚ ਠੀਕਰੀ ਪਹਿਰੇ ਲੋਕ ਹਿੱਤਾਂ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪੁਲੀਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜ਼ਿਲ੍ਹੇ ਦੇ ਕਰੀਬ 200 ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਹੋਰ ਮੋਹਤਬਰਾਂ ਨੇ ‘ਸੈਲਫ ਲੌਕਡਾਊਨ’ ਦੀ ਸਖ਼ਤੀ ਨਾਲ ਪਾਲਣਾ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਨੂੰ ਬਚਾਉਣ ਲਈ ਪਿੰਡਾਂ ਵਿੱਚ ਚੌਕਸੀ ਵਧਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਦੱਸਿਆ ਕਿ ਹਰ ਪਿੰਡ ਵਿਚ ਇੱਕ ਪੁਲੀਸ ਅਫ਼ਸਰ ਲਗਾਇਆ ਗਿਆ ਹੈ, ਜੋ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਮੋਹਤਬਰ ਵਿਅਕਤੀਆਂ, ਯੂਥ ਮੈਂਬਰ, ਆਰਐਮਪੀ, ਆਸ਼ਾ ਵਰਕਰ, ਏਐਨਐਮ ਨਾਲ ਮਿਲ ਕੇ ਕੰਮ ਕਰੇਗਾ। ਐਸਐਸਪੀ ਲਾਂਬਾ ਨੇ ਦੱਸਿਆ ਕਿ ਗ਼ਰੀਬ ਤੇ ਬੇਸਹਾਰਾ ਕੋਵਿਡ ਮਰੀਜ਼ ਪੱਕਿਆ ਹੋਇਆ ਭੋਜਨ ਪ੍ਰਾਪਤ ਕਰਨ ਵਾਸਤੇ ਹੈਲਪਲਾਈਨ ਨੰਬਰ-118 ਅਤੇ 112 ’ਤੇ ਕਾਲ ਕਰ ਸਕਦੇ ਹਨ। ਪੰਜਾਬ ਪੁਲੀਸ ਵੱਲੋਂ ਅਜਿਹੇ ਲੋੜਵੰਦ ਮਰੀਜ਼ਾਂ ਨੂੰ ਪੱਕਿਆ ਹੋਇਆ ਖਾਣਾ ਘਰ ਵਿੱਚ ਪਹੁੰਚਾਇਆ ਜਾਵੇਗਾ।