ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਅਪਰੈਲ
ਸੂਬਾ ਸਰਕਾਰ ਵੱਲੋਂ ਇੱਕ ਪਾਸੇ ਫੰਰਟ ਲਾਈਨ ਵਰਕਰਾਂ ਨੂੰ ਕਰੋਨਾ ਤੋਂ ਬਚਾਅ ਦਾ ਟੀਕਾ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਅੱਜ ਮੁਕਤਸਰ ਵਿੱਚ ਲੱਗੇ ਕੈਂਪਾਂ ’ਚ ਆਏ ਲੋਕਾਂ ਨੂੰ ਟੀਕਿਆਂ ਦੀ ਘਾਟ ਦੇ ਬਹਾਨੇ ਵਾਪਸ ਮੋੜ ਦਿੱਤਾ ਗਿਆ। ਇਸ ਕਾਰਨ ਲੋਕ ਅਤੇ ਸਿਹਤ ਕਰਮਚਾਰੀ ਪ੍ਰੇਸ਼ਾਨ ਰਹੇ।
ਸੂਤਰਾਂ ਅਨੁਸਾਰ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਤੋਂ ਟੀਕੇ ਲੈਣ ਵਾਸਤੇ ਗੱਡੀ ਭੇਜੀ ਗਈ ਸੀ ਪਰ ਉੱਥੋਂ ਜਵਾਬ ਮਿਲ ਗਿਆ। ਇਸ ਮਗਰੋਂ ਸਥਾਨਕ ਪੱਧਰ ’ਤੇ ਕਿਸੇ ਤਰੀਕੇ ਨਾਲ ਪ੍ਰਬੰਧ ਕਰ ਕੇ ਅੱਜ ਲੱਗੇ ਕੈਂਪਾਂ ’ਚ ਟੀਕੇ ਭੇਜੇ ਗਏ ਪਰ ਉੱਥੇ ਵੀ ‘ਫਰੰਟ ਲਾਈਨਰਜ਼’ ਨੂੰ ਉਮਰ ਘੱਟ ਹੋਣ ਦਾ ਬਹਾਨਾ ਲਾ ਕੇ ਵਾਪਸ ਭੇਜ ਦਿੱਤਾ ਗਿਆ। ਸਿਹਤ ਵਿਭਾਗ ਨੇ ਹੁਣ ਕੈਂਪਾਂ ਦੀ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਅੱਜ ਦਾ ਸਟਾਕ ਹੈ ਪਰ ਭਲਕ ਵਾਸਤੇ ਬਹੁਤ ਥੋੜ੍ਹਾ ਸਟਾਕ ਹੈ। ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਅਜੇ ਤਕ ਕੋਈ ਜਵਾਬ ਨਹੀਂ ਆਇਆ। ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਅਤੇ ਗੁਆਂਢੀ ਜ਼ਿਲ੍ਹਿਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਕੋਵਿਡ ਕਿੱਟਾਂ ਹੋਈਆਂ ਖ਼ਤਮ, ਆਕਸੀਮੀਟਰ ਦੀ ਬਲੈਕ ਸ਼ੁਰੂ
ਸਰਕਾਰ ਵੱਲੋਂ ਕੋਵਿਡ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਿੱਟਾਂ ਵੀ ਮੁਕਤਸਰ ਜ਼ਿਲ੍ਹੇ ਵਿੱਚ ਖਤਮ ਹੋ ਗਈਆਂ ਹਨ। ਇਸ ਕਿੱਟ ਵਿੱਚ ਦਵਾਈਆਂ, ਆਕਸੀਮੀਟਰ, ਥਰਮਾਮੀਟਰ ਆਦਿ ਸਾਮਾਨ ਹੁੰਦਾ ਹੈ। ਕਈ ਮਰੀਜ਼ਾਂ ਦੀ ਕਿੱਟ ਵਿੱਚ ਆਕਸੀਜਨ ਚੈੱਕ ਕਰਨ ਵਾਲਾ ਆਕਸੀਮੀਟਰ ਨਹੀਂ ਹੁੰਦਾ। ਇਸ ਕਰਕੇ ਬਾਜ਼ਾਰ ਵਿੱਚ ਆਕਸੀਮੀਟਰ ਦੀ ਬਲੈਕ ਸ਼ੁਰੂ ਹੋ ਗਈ ਹੈ। ਜਿਹੜਾ ਆਕਸੀਮੀਟਰ ਪਹਿਲਾਂ ਤਿੰਨ ਸੌ ਰੁਪਏ ਦਾ ਸੀ, ਹੁਣ ਅੱਠ ਸੌ ਰੁਪਏ ਤੋਂ ਵੱਧ ਕੀਮਤ ’ਤੇ ਵਿਕ ਰਿਹਾ ਹੈ। ਮਰੀਜ਼ਾਂ ਦੀ ਮੰਗ ਹੈ ਕਿ ਕਿੱਟਾਂ ਦੀ ਨਿਯਮਤ ਸਪਲਾਈ ਦਿੱਤੀ ਜਾਵੇ ਤੇ ਆਕਸੀਮੀਟਰ ਦੀ ਬਲੈਕ ਰੋਕੀ ਜਾਵੇ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਵਿਭਾਗ ਕੋਲ ਅੱਜ 250 ਕਿੱਟਾਂ ਆਈਆਂ ਹਨ ਜਦਕਿ ਲੋੜ ਘੱਟੋ-ਘੱਟ 500 ਕਿੱਟਾਂ ਦੀ ਹੈ।