ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਅਗਸਤ
ਕਰੋਨਾ ਵਾਇਰਸ ਨੂੰ ਲੈ ਕੇ ਆਮ ਜਨਤਾ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਰਵੱਈਏ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੀ ਹੈ ਜਿਸ ਕਰਕੇ ਪਿੰਡਾਂ ਦੇ ਲੋਕ ਇਸ ਸਬੰਧੀ ਇਕਜੁੱਟ ਹੋਣ ਲੱਗੇ ਹਨ। ਤਾਜ਼ਾ ਮਾਮਲਾ ਪਿੰਡ ਗਾਗੇਵਾਲ ਦਾ ਹੈ। ਜਿੱਥੇ ਪਿੰਡ ਵਾਸੀ ਬਿਨਾਂ ਸੂਚਨਾ ਦਿੱਤੇ ਕਰੋਨਾ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ’ਚ ਦਾਖ਼ਲ ਨਾ ਹੋਣ ਸਬੰਧੀ ਇਕਜੁੱਟ ਹੋਏ ਹਨ। ਪਿੰਡ ਦੇ ਗੁਰਦੁਆਰੇ ਵਿੱਚ ਰੱਖੇ ਗਏ ਇਕੱਠ ਦੌਰਾਨ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ, ਯੁਵਕ ਸੇਵਾਵਾਂ ਕਲੱਬ ਅਤੇ ਨੌਜਵਾਨ ਸਭਾ ਵਲੋਂ ਇਸ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਾਂਝੇ ਤੌਰ ’ਤੇ ਕਰੋਨਾ ਸਬੰਧੀ ਮਤਾ ਵੀ ਪਾਇਆ ਗਿਆ।
ਭਾਕਿਯੂ ਲੱਖੋਵਾਲ ਦੇ ਆਗੂ ਮਿੱਤਰਪਾਲ ਸਿੰਘ ਮਿੱਤੂ, ਸਰਪੰਚ ਸੁਖਜਿੰਦਰਪਾਲ ਕੌਰ, ਹਰਜੀਤ ਸਿੰਘ ਬਿੱਟੂ, ਹਰਚੇਤ ਸਿੰਘ ਪੰਚ, ਇੰਦਰਜੀਤ ਸਿੰਘ ਪੰਚ, ਹੀਰਾ ਲਾਲ ਪੰਚ ਅਤੇ ਰਾਜਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਲੈ ਕੇ ਆਮ ਜਨਤਾ ਵਿੱਚ ਇੱਕ ਭੈਅ ਪੈਦਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਪਿੰਡ ਵਾਸੀਆਂ ਵੱਲੋਂ ਅੱਜ ਇਕਮੱਤ ਹੁੰਦਿਆਂ ਮਤਾ ਪਾਇਆ ਗਿਆ ਕਿ ਕਰੋਨਾ ਟੈਸਟ ਸਬੰਧੀ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਵਿੱਚ ਆਉਣ ਤੋਂ ਪਹਿਲਾਂ ਕਿਸਾਨ ਯੂਨੀਅਨ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕਰਨਾ ਹੋਵੇਗਾ। ਜੇ ਕਰੋਨਾ ਸਬੰਧੀ ਟੈਸਟ ਕਿਸੇ ਵੀ ਵਿਅਕਤੀ ਦਾ ਧੱਕੇ ਨਾਲ ਕੀਤਾ ਗਿਆ ਤਾਂ ਸਿਹਤ ਮਹਿਕਮੇ ਦੀ ਟੀਮ ਦਾ ਵਿਰੋਧ ਕੀਤਾ ਜਾਵੇਗਾ। ਕਿਸੇ ਵੀ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਨੂੰ ਪਿੰਡ ’ਚ ਹੀ ਘਰ ਵਿੱਚ ਇਕਾਂਤਵਾਸ ਕਰਕੇ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਇਕੱਤਰ ਸਿੰਘ ਸਾਬਕਾ ਸਰਪੰਚ ਡਾ.ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ, ਜਗਸੀਰ ਸਿੰਘ, ਦਰਸ਼ਨ ਸਿੰਘ, ਚਰਨਪਾਲ ਸਿੰਘ, ਗੁਰਚਰਨ ਸਿੰਘ, ਜਗਸੀਰ ਸਿੰਘ, ਬੇਅੰਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
ਸਮਾਲਸਰ ਪੰਚਾਇਤ ਨੇ ਕਰੋਨਾ ਸਬੰਧੀ ਪਾਸ ਕੀਤੇ ਕਈ ਮਤੇ
ਸਮਾਲਸਰ (ਪੱਤਰ ਪੇ੍ਰਕ): ਕਰੋਨਾ ਮਰੀਜ਼ਾਂ ਦੀ ਸਰਕਾਰੀ ਹਸਪਤਾਲਾਂ ਵਿਚ ਹੁੰਦੀ ਦੁਰ-ਦਸ਼ਾ ਤੋਂ ਦੁਖੀ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਸਮਾਲਸਰ, ਮੋਹਤਬਰ ਸੱਜਣਾਂ, ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗ ਇਥੇ ਧਰਮਸ਼ਾਲਾ ਵਿਚ ਹੋਈ। ਇਸ ਮੌਕੇ ਸਰਪੰਚ ਅਮਰਜੀਤ ਸਿੰਘ ਅਤੇ ਹੋਰ ਲੋਕਾਂ ਨੇ ਵਿਚਾਰ ਪੇਸ਼ ਕੀਤੇ ਕਿ ਕਰੋਨਾ ਮਰੀਜ਼ਾਂ ਦੀ ਸਰਕਾਰੀ ਹਸਪਤਾਲਾਂ ਵਿਚ ਬਹੁਤ ਤਰਸਯੋਗ ਹਾਲਤ ਹੈ। ਅਜਿਹੇ ਪ੍ਰਬੰਧ ਤੋਂ ਦੁਖੀ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਸਮਾਲਸਰ ਅਤੇ ਸਥਾਨਕ ਲੋਕਾਂ ਨੇ ਪਾਸ ਕੀਤੇ ਮਤੇ ਸਬੰਧੀ ਪ੍ਰੈਸ ਨੂੰ ਦੱਸਿਆ ਕਿ ਪਿੰਡ ਵਿਚ ਜੇ ਕੋਈ ਕਰੋਨਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਘਰ ਜਾਂ ਪਿੰਡ ਦੀ ਸਾਾਂਝੀ ਜਗ੍ਹਾ ਵਿਚ ਹੀ ਇਕਾਂਤਵਾਸ ਹੋਣ ਦਾ ਹੱਕ ਹਾਸਲ ਹੋਵੇਗਾ। ਪੰਚਾਇਤ ਵਲੋਂ ਡਾਕਟਰਾਂ ਦੀ ਰਾਇ ਅਨੁਸਾਰ ਕਰੋਨਾ ਮਰੀਜ਼ ਦਾ ਇਲਾਜ ਕਰਵਾਇਆ ਜਾਵੇਗਾ। ਸਿਸਟਮ ਤੋਂ ਬਿਨਾ ਕਿਸੇ ਵੀ ਵਿਅਕਤੀ ਦਾ ਧੱਕੇ ਨਾਲ ਕਰੋਨਾ ਟੈਸਟ ਨਹੀਂ ਹੋਣ ਦਿੱਤਾ ਜਾਵੇਗਾ। ਜੇ ਪਿੰਡ ਦਾ ਕੋਈ ਵਿਅਕਤੀ ਆਪਣੀ ਇੱਛਾਂ ਅਨੁਸਾਰ ਕਰੋਨਾ ਟੈਸਟ ਕਰਵਾਉਣਾ ਚਾਹੇਗਾ ਤਾਂ ਉਹ ਕਰਵਾ ਸਕਦਾ ਹੈ। ਕਿਸੇ ਵੀ ਕਰੋਨਾ ਮਰੀਜ਼ ਨੂੰ ਸਰਕਾਰੀ ਡਾਕਟਰਾਂ ਦੀ ਟੀਮ ਧੱਕੇ ਨਾਲ ਆਪਣੇ ਨਾਲ ਨਹੀਂ ਲਿਜਾ ਸਕੇਗੀ। ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਪੰਚ ਕਰਮਜੀਤ ਕੌਰ, ਪੰਚ ਲਛਮੀ ਦੇਵੀ, ਇਨਸਾਫ ਸਿੰਘ ਹਾਜ਼ਰ ਸਨ।
ਕਿਸਾਨ ਯੂਨੀਅਨ ਵੱਲੋਂ ਧੱਕੇ ਨਾਲ ਕੀਤੇ ਜਾ ਰਹੇ ਕੋਵਿਡ ਟੈਸਟਾਂ ਦਾ ਵਿਰੋਧ
ਮੌੜ ਮੰਡੀ (ਕੁਲਦੀਪ ਸਿੰਘ): ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਨੇੜਲੇ ਪਿੰਡ ਗਹਿਰੀ ਬਾਰਾਂ ਸਿੰਘ ਵਿਖੇ ਹੋਈ । ਇਸ ਮੌਕੇ ਇੱਕਤਰ ਜਥੇਬੰਦੀ ਦੇ ਵਰਕਰਾਂ ਵੱਲੋਂ ਪਿੰਡ ਅੰਦਰ ਸ਼ੱਕੀ ਵਿਅਕਤੀਆਂ ਦੇ ਕਰੋਨਾ ਟੈਸਟ ਕਰਨ ਲਈ ਪਹੁੰਚਣ ਵਾਲੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਗਹਿਰੀ ਨੇ ਕਿਹਾ ਕਿ ਪੰਜਾਬ ਦੀ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਸਰਕਾਰ ਵੱਲੋ ਕਰੋਨਾ ਦੀ ਆੜ ਵਿੱਚ ਹਰ ਤਰ੍ਹਾਂ ਦੇ ਜਨਤਕ ਸੰਘਰਸ਼ ਨੂੰ ਦਬਾਉਣ ਲਈ ਧਾਰਾ 144 ਲਗਾਈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਧੱਕੇ ਨਾਲ ਸ਼ੱਕੀ ਵਿਅਕਤੀਆਂ ਦੇ ਕੋਵਿਡ-19 ਟੈਸਟ ਕੀਤੇ ਜਾਣਗੇ ਤਾਂ ਇਸ ਦਾ ਵਿਰੋਧ ਕੀਤੀ ਜਾਵੇਗਾ। ਇਸ ਮੌਕੇ ਬਲਾਕ ਸੈਕਟਰੀ ਪਰਮਿੰਦਰ ਸਿੰਘ, ਪ੍ਰਧਾਨ ਬਾਦਲ ਸਿੰਘ , ਗੁਰਤੇਜ ਸਿੰਘ ਮੀਤ ਪ੍ਰਧਾਨ ਅਤੇ ਹਰਵਿੰਦਰ ਸਿੰਘ ਤੋ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।