ਜਸਵੰਤ ਜੱਸ
ਫਰੀਦਕੋਟ, 6 ਜੂਨ
ਸਿਹਤ ਵਿਭਾਗ ਨੇ ਸ਼ਰੀਦਕੋਟ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਦੋ ਹੋਰ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।
ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਪਿੰਡ ਟਹਿਣਾ ਦੀ ਇੱਕ ਲੜਕੀ ਕਰੋਨਾਵਾਇਰਸ ਪੋਜ਼ਟਿਵ ਪਾਈ ਗਈ ਹੈ ਜਦੋਂ ਕਿ ਦੂਜਾ ਮਰੀਜ਼ ਪੰਜਾਬ ਪੁਲੀਸ ਦਾ ਸਹਾਇਕ ਥਾਣੇਦਾਰ ਹੈ। ਰਿਪੋਰਟਾਂ ਪਾਜ਼ੇਟਿਵ ਆਉਣ ਤੋਂ ਬਾਅਦ ਦੋਵੇਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਭਰਤੀ ਕਰ ਲਿਆ ਗਿਆ ਹੈ। ਇਸ ਤਰ੍ਹਾਂ ਫਰੀਦਕੋਟ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਸੱਤ ਹੋ ਗਈ ਹੈ। ਹੁਣ ਤੱਕ ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 70 ਮਰੀਜ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 63 ਕੇਸ ਤੰਦਰੁਸਤ ਹੋ ਚੁੱਕੇ ਹਨ।
ਬਠਿੰਡਾ/ਮੌੜ ਮੰਡੀ (ਮਨੋਜ ਸ਼ਰਮਾ/ਕੁਲਦੀਪ ਸ਼ਰਮਾ): ਬਠਿੰਡਾ ਜ਼ਿਲ੍ਹੇ ਦੀ ਮੌੜ ਤਹਿਸੀਲ ਵਿੱਚ ਇਕ ਵਿਅਕਤੀ ਦੀ ਕੋਵਿਡ-19 ਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਹੁਣ ਜ਼ਿਲ੍ਹੇ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਇਹ ਵਿਅਕਤੀ ਹੈ ਦਿੱਲੀ ਤੋਂ ਪਰਤਿਆ ਸੀ। ਉਸ ਨੂੰ ਹੋਮ ਕੁਆਰਨਟਾਈਨ ਕੀਤਾ ਹੋਇਆ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਜ 142 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹਾ ਫਾਜ਼ਿਲਕਾ ਵਿੱਚ ਇਕ ਔਰਤ ਦੀ ਰਿਪਰੋਟ ਕਰੋਨਾਵਾਇਰਸ ਪਾਜ਼ੇਟਿਵ ਆਈ ਹੈ। ਇਸ ਸਬੰਧੀ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੀ ਮਹਿਲਾ ਦੀ ਉਮਰ ਕਰੀਬ 65 ਸਾਲ ਹੈ। ਦਿੱਲੀ ਤੋਂ ਪਰਤੀ ਇਸ ਮਹਿਲਾ ਦਾ 4 ਜੂਨ ਨੂੰ ਸੈਂਪਲ ਲਿਆ ਗਿਆ ਸੀ ਅਤੇ ਅੱਜ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਮਹਿਲਾ ਕਰੋਨਾ ਪਾਜ਼ੇਟਿਵ ਪਾਈ ਗਈ ਹੈ।
ਜ਼ੁਲਫੀ ਦੀ ਹਿਰਾਸਤ ਪੁਲੀਸ ਨੂੰ ਪਈ ਭਾਰੀ
ਮਹਿਲ ਕਲਾਂ (ਨਵਕਿਰਨ ਸਿੰਘ): ਪੁਲੀਸ ਵੱਲੋਂ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤੇ ਗਏ ਮਾਲੇਰਕੋਟਲਾ ਦੇ ਵਸਨੀਕ ਨੌਜਵਾਨ ਜ਼ੁਲਫਕਾਰ ਉਰਫ ਜੁਲਫੀ ਦੇ ਕਰੋਨਾਵਾਇਰਸ ਪਾਜ਼ੇਟਿਵ ਆ ਜਾਣ ਤੋਂ ਬਾਅਦ ਅੱਜ ਮਹਿਲ ਕਲਾਂ ਪੁਲੀਸ ਦੇ ਇੱਕ ਮੁਲਾਜ਼ਮ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆ ਗਈ ਹੈ। ਮਹਿਲ ਕਲਾਂ ਹਸਪਤਾਲ ਦੇ ਡਾ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਲਾਲਾ ਨਾਲ ਸਬੰਧਤ ਇੱਕ ਪੁਲੀਸ ਮੁਲਾਜ਼ਮ ਪਾਜ਼ੇਟਿਵ ਪਾਇਆ ਗਿਆ ਹੈ। ਉਹ ਕਰੋਨਾ ਪੀੜਤ ਹਵਾਲਾਤੀ ਦੇ ਸੰਪਰਕ ਵਿੱਚ ਆਇਆ ਸੀ।