ਪੱਤਰ ਪ੍ਰੇਰਕ
ਅਬੋਹਰ, 7 ਅਗਸਤ
ਨਗਰ ਨਿਗਮ ਦੀ ਸਰਵੇ ਟੀਮ ਅਤੇ ਦੁਕਾਨਦਾਰਾਂ ਵਿੱਚ ਅੱਜ ਹੱਥੋਪਾਈ ਹੋ ਗਈ। ਰੋਸ ਵਜੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਬਣਾਈਆਂ ਟੀਮਾਂ ਵੱਲੋਂ ਅਬੋਹਰ ਵਿੱਚ ਬਣੀਆਂ ਸਾਰੀਆਂ ਦੁਕਾਨਾਂ ਦੇ ਕਮਰਸ਼ੀਅਲ ਹੋਣ ਅਤੇ ਉਨ੍ਹਾਂ ਦੀ ਲੋਕੇਸ਼ਨ, ਆਕਾਰ ਅਤੇ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਇਕੱਠਾ ਕਰਨ ਲਈ ਸਰਵੇ ਸ਼ੁਰੂ ਕੀਤਾ ਗਿਆ ਹੈ। ਇਸੇ ਤਹਿਤ ਸ਼ਨਿਚਰਵਾਰ ਨੂੰ ਜਦੋਂ ਨਿਗਮ ਦੀ ਟੀਮ ਦੇ ਕੁਝ ਮੈਂਬਰ ਗਊਸ਼ਾਲਾ ਰੋਡ ’ਤੇ ਪੁੱਜੇ ਤਾਂ ਦੁਕਾਨਦਾਰਾਂ ਅਤੇ ਟੀਮ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਗਈ। ਦੁਕਾਨਦਾਰਾਂ ਅਤੇ ਨਿਗਮ ਟੀਮ ਨੇ ਇਕ ਦੂਜੇ ’ਤੇ ਮਾਰਕੁਟ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਰੋਹ ਵਿੱਚ ਆ ਕੇ ਪੂਰੀ ਰੋਡ ਨੂੰ ਵਾਹਨ ਲਗਾ ਕੇ ਜਾਮ ਕਰ ਦਿੱਤਾ। ਜਾਣਕਾਰੀ ਮੁਤਾਬਕ ਪ੍ਰਾਪਰਟੀ ਟੈਕਸ ਦੇ ਸਰਵੇ ਲਈ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਗਏ ਠੇਕੇ ਦੌਰਾਨ ਕੰਪਨੀ ਦੇ ਮੁਲਾਜ਼ਮ ਅੱਜ ਦੁਪਹਿਰ ਗਊਸ਼ਾਲਾ ਰੋਡ ’ਤੇ ਸਰਵੇ ਕਰਨ ਲਈ ਪੁੱਜੇ ਤਾਂ ਉਨ੍ਹਾਂ ਦਾ ਦੁਕਾਨਦਾਰਾਂ ਨਾਲ ਝਗੜਾ ਹੋ ਗਿਆ। ਨਗਰ ਨਿਗਮ ਦੇ ਕੱਚੇ ਕਰਮਚਾਰੀਆਂ ਨੇ ਇਨਵਰਟਰ ਬੈਟਰੀ ਸ਼ੋਰੂਮ ਦੇ ਸੰਚਾਲਕ ਅਮਨ ਜੈਨ ਤੇ ਰਾਜੋਰੀਆ ਡ੍ਰਾਈਕਲੀਨਰ ਦੇ ਸੰਚਾਲਕਾਂ ’ਤੇ ਕਥਿਤ ਇੱਟਾਂ ਨਾਲ ਹਮਲਾ ਕਰ ਦਿੱਤਾ।
ਮਾਮਲੇ ਦੀ ਸੂਚਨਾ ਮਿਲਣ ’ਤੇ ਮੇਅਰ ਵਿਮਲ ਠਠੱਈ, ਪੁਲੀਸ ਟੀਮ, ਵਿਕਰਮ ਸ਼ਰਮਾ, ਸਾਹਿਲ ਨਾਗਪਾਲ ਆਦਿ ਮੌਕੇ ’ਤੇ ਪੁੱਜੇ। ਮੇਅਰ ਵਿਮਲ ਠਠੱਈ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਕੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।