ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 27 ਅਗਸਤ
ਇਥੇ ਨਗਰ ਕੌਂਸਲ ਦਫਤਰ ’ਚ ਅੱਜ ਉਸ ਸਮੇਂ ਭੁਚਾਲ ਆ ਗਿਆ ਜਦੋਂ ਇਸ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਆਪਣੇ ਦੋ ਸੀਨੀਅਰ ਅਧਿਕਾਰੀਆਂ ’ਤੇ ਭਿ੍ਸ਼ਟਾਚਾਰੀ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਕਰਮਚਾਰੀਆਂ ਨੇ ਕੌਂਸਲ ਦਫ਼ਤਰ ਮੂਹਰੇ ਅੱਜ ਅਧਿਕਾਰੀਆਂ ਤੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਮੁਤਾਬਕ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਗੁਗਨੀ ਤੇ ਮਿਉਂਸਿਪਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਜਸਦੀਪ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੌਂਸਲ ਦਫ਼ਤਰ ’ਚ ਭਿ੍ਸ਼ਟਾਚਾਰ ਦਾ ਬੋਲਬਾਲ ਹੈ। ਆਗੂਆਂ ਨੇ ਦੋਸ਼ ਲਾਏ ਕਿ ਇੱਕ ਅਧਿਕਾਰੀ ਬਿਨਾਂ ਹਾਊਸ ਰੇਂਟ ਕਟਵਾਇਆਂ ਸਰਕਾਰੀ ਕੋਠੀ ਦੀ ਵਰਤੋਂ ਕਰ ਕੇ ਲੱਗੇ ਏਸੀ ਦੀ ਬੇਲੋੜੀ ਵਰਤੋਂ ਕਰ ਰਿਹਾ ਹੈ ਜਿਸ ਦਾ ਬਿੱਲ ਨਗਰ ਕੌਂਸਲ ਭਰ ਰਹੀ ਹੈ। ਕੌਂਸਲ ਦੀ ਗੱਡੀ ਦਾ ਚੱਕਾ ਅਧਿਕਾਰੀ ਬੇਲੋੜਾ ਘੁਮਾ ਰਹੇ ਹਨ ਤੇ ਗੱਡੀ ਦੀ ਰਿਪੇਅਰ ਉੱਤੇ ਪਿਛਲੇ ਕੁਝ ਸਮੇਂ ਵਿੱਚ ਕੌਂਸਲ 75 ਹਜ਼ਾਰ ਰੁਪਏ ਖਰਚ ਚੁੱਕੀ ਹੈ ਜਦਕਿ ਗੱਡੀ ਅਜੇ ਵੀ ਮਕੈਨਿਕ ਕੋਲ ਖੜ੍ਹੀ ਹੈ। ਇੱਕ ਅਧਿਕਾਰੀ ਵੱਲੋਂ ਬਿੱਲ ਪਾਸ ਕਰਵਾਉਣ ਲਈ ਕਥਿਤ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਉਪ ਮੰਡਲ ਮੈਜਿਸਟਰੇਟ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਕੋਵਿਡ ਕਾਰਨ ਅਧਿਕਾਰੀ ਇਕਾਂਤਵਾਸ ’ਚ ਹਨ ਤੇ ਯੂਨੀਅਨ ਵੱਲੋਂ ਲਾਏ ਦੋਸ਼ਾਂ ਦੀ ਉਹ ਡੂੰਘਾਈ ਨਾਲ ਜਾਂਚ ਕਰਵਾਉਣਗੇ।
ਅਧਿਕਾਰੀਆਂ ਨੇ ਦੋਸ਼ ਨਕਾਰੇ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਵਿੰਦਰ ਸਿੰਘ ਤੇ ਜੂਨੀਅਰ ਇੰਜੀਨੀਅਰ ਹਰਗੋਬਿੰਦ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।