ਇਕਬਾਲ ਸਿੰਘ ਸ਼ਾਂਤ
ਲੰਬੀ, 12 ਜੂਨ
ਤੇਜ਼ ਹਵਾਵਾਂ ਨਾਲ ਆਏ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਨੇ ਇਥੇ ਮਾਰੂ ਰੰਗ ਵਿਖਾਏ ਹਨ। ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਖੇਤਰ ਵਿੱਚ ਫ਼ਸਲੀ ਨੁਕਸਾਨ ਤੋਂ ਇਲਾਵਾ ਮੈਰਿਜ ਪੈਲੇਸ ਵੀ ਨੁਕਸਾਨਿਆ ਗਿਆ। ਖੇਤਾਂ ਵਿੱਚ ਬਣੇ ਕੋਠਿਆਂ ਦੀ ਛੱਤਾਂ ਉੱਡ ਗਈਆਂ ਅਤੇ ਦਰੱਖਤ ਵੀ ਜੜ੍ਹੋਂ ਪੁੱਟੇ ਗਏ। ਇਸੇ ਤਰ੍ਹਾਂ ਬਿਜਲੀ ਲਾਈਨਾਂ ਜ਼ਮੀਨ ’ਤੇ ਵਿੱਛ ਗਈਆਂ ਤੇ ਬਿਜਲੀ ਸੇਵਾ ਠੱਪ ਹੋ ਗਈ। ਕਿਸਾਨਾਂ ਮੁਤਾਬਕ ਨਰਮੇ ਦੇ ਟੂਸੇ ਟੁੱਟ ਗਏ ਹਨ। ਮੀਂਹ-ਝੱਖੜ ਦੀ ਮਾਰ ਤੋਂ ਸਹਿਣਾਖੇੜਾ-ਖੁੱਡੀਆਂ ਵਿੱਚ ਬਚਾਅ ਰਿਹਾ। ਮਿੱਡੂਖੇੜਾ, ਭੀਟੀਵਾਲਾ, ਲੰਬੀ ਅਤੇ ਭੁੱਲਰਵਾਲਾ ਖੇਤਰ ਵਿੱਚ ਹਲਕੀ ਕਿਣ-ਮਿਣ ਹੋਈ। ਇਸੇ ਦੌਰਾਨ ਮੰਡੀ ਕਿੱਲਿਆਂਵਾਲੀ ਦੇ ਬਾਹਰਲੇ ਪਾਸੇ ਸਥਿਤ ਪੰਜਾਬ ਪੈਲਸ ਦੀ ਛੱਤ ਦੇ ਸ਼ੈੱਡ ਤੇਜ਼ ਹਵਾਵਾਂ ਨਾਲ ਉੱਡ ਗਏ ਤੇ ਚਾਰਦੀਵਾਰੀ ਵੀ ਡਿੱਗ ਪਈ। ਮਲੋਟ ਦੇ ਐੱਸ.ਡੀ.ਐੱਮ. ਗੋਪਾਲ ਸਿੰਘ ਨੇ ਤਹਿਸੀਲਦਾਰਾਂ ਨੂੰ ਨੁਕਸਾਨ ਦੇ ਵੇਰਵੇ ਜੁਟਾਉਣ ਲਈ ਰਵਾਨਾ ਕਰ ਦਿੱਤਾ ਹੈ।।
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਪੱਟੀ ਵਿਚ ਮੀਂਹ ਨੇ ਅੱਜ ਲਹਿਰਾ-ਬਹਿਰਾ ਲਾ ਦਿੱਤੀਆਂ ਹਨ। ਅਸਮਾਨੀ ਚੜ੍ਹੀ ਘਸਮੈਲੀ ਧੂੜ ਕਾਰਨ ਫਸਲਾਂ ਦੇ, ਜੋ ਘੁੰਡ ਮੁੜੇ ਵਿਖਾਈ ਦਿੰਦੇ ਸਨ, ਉਨ੍ਹਾਂ ਉਪਰ ਡਿੱਗੇ ਅੰਬਰੀ ਪਾਣੀ ਨੇ ਰੌਣਕਾਂ ਨੂੰ ਮੌੜ ਲਿਆਂਦਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫਸਲਾਂ ਲਈ ਸਭ ਤੋਂ ‘ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਜਲਦੀ ਹੀ ਝੋਨੇ ਨੇ ਹਰਿਆਵਲ ਦੇਣੀ ਸ਼ੁਰੂ ਕਰ ਦੇਣੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਨੇ ਮੀਂਹ ਨੂੰ ਸਾਉਣੀ ਦੀਆਂ ਫਸਲਾਂ ਲਈ ਸ਼ੁਭ ਸ਼ੁਰੂਆਤ ਦੱਸਿਆ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਦੁਪਹਿਰ ਬਾਅਦ ਹਨੇਰੀ ਮਗਰੋਂ ਮੀਂਹ ਪਿਆ। ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਬੇ ਤੇ ਦਰੱਖ਼ਤ ਡਿੱਗ ਪਏ। ਮੀਂਹ ਨਾਲ ਜਿਥੇ ਸਾਉਣੀ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ ਉਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ। ਸਿਰਸਾ ਅਤੇ ਇਸ ਦੇ ਨਾਲ ਲੱਗਦੇ ਖੇਤਰ ’ਚ ਅੱਜ ਦੁਪਹਿਰ ਬਾਅਦ ਅਚਾਨਕ ਮੌਸਮ ’ਚ ਤਬਦੀਲੀ ਆਈ ਤੇ ਝੱਖੜ ਨਾਲ ਭਾਰੀ ਮੀਂਹ ਪਿਆ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਨਾਲ ਨਰਮੇ ਤੇ ਕਪਾਹ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ।
ਮੁਕਤਸਰ ’ਚ ਮੀਂਹ ਤੇ ਗੜ੍ਹੇਮਾਰੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਤੇਜ਼ ਧੁੱਪ ਤੋਂ ਬਾਅਦ ਅੱਜ ਬਾਅਦ ਦੁਪਹਿਰ ਅਚਾਨਕ ਹੀ ਤੇਜ਼ ਮੀਂਹ, ਹਨੇਰੀ ਤੇ ਗੜ੍ਹੇਮਾਰ ਨੇ ਜਿੱਥੇ ਮੌਸਮ ਨੂੰ ਠੰਡਾ ਕਰ ਕੇ ਆਮ ਲੋਕਾਂ ਨੂੰ ਖੁਸ਼ ਕਰ ਦਿੱਤਾ, ਉਥੇ ਰੁੱਖਾਂ ਤੇ ਆਵਾਰਾਂ ਪਸ਼ੂਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਰੀਬ ਇਕ ਘੰਟਾ ਲਗਾਤਾਰ ਚੱਲੇ ਇਸ ਝਖੇੜੇ ਨੇ ਰੁੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ।