ਪੱਤਰ ਪ੍ਰੇਰਕ
ਏਲਨਾਬਾਦ, 27 ਜੁਲਾਈ
ਇਥੋਂ ਦੀ ਐਡੀਸ਼ਨਲ ਅਨਾਜ ਮੰਡੀ ਨੇੜੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਮਿਆਦ ਲੰਘ ਚੁੱਕੀਆਂ ਪੈਸਟੀਸਾਈਡ ਦਵਾਈਆਂ ਸੁੱਟੇ ਜਾਣ ਕਾਰਨ ਕਿਸਾਨ ਸਤਨਾਮ ਸਿੰਘ ਦੀ ਛੇ ਕਿੱਲੇ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ। ਇਨ੍ਹਾਂ ਦਵਾਈਆਂ ਦੇ ਪ੍ਰਭਾਵ ਨਾਲ ਜਦੋਂ ਫ਼ਸਲ ਦੇ ਪੱਤੇ ਸੁੱਕਣੇ ਸ਼ੁਰੂ ਹੋਏ ਤਾਂ ਕਿਸਾਨ ਨੂੰ ਇਸ ਦਾ ਪਤਾ ਲੱਗਾ। ਪੀੜਤ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਦਵਾਈਆਂ ਦੇ ਪ੍ਰਭਾਵ ਨਾਲ ਉਸ ਦੀ ਕਰੀਬ 6 ਏਕੜ ਨਰਮੇ ਦੀ ਫ਼ਸਲ ਖਰਾਬ ਹੋ ਗਈ। ਇਸ ਮੌਕੇ ਇੱਕਠੇ ਹੋਏ ਕਿਸਾਨਾਂ ਨੇ ਸਥਾਨਕ ਪੁਲੀਸ ਥਾਣਾ ਵਿੱਚ ਸ਼ਿਕਾਇਤ ਦੇ ਕੇ ਦਵਾਈਆਂ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਖੇਤੀਬਾੜੀ ਵਿਭਾਗ ਦੇ ਕੁਆਲਿਟੀ ਕੰਟਰੋਲ ਇੰਸਪੈਕਟਰ ਸ਼ੁਭਾਸ ਚੰਦਰ ਨੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਤੇ ਆਖਿਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਨੂੰ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ।