ਪਰਮਜੀਤ ਸਿੰਘ
ਫਾਜ਼ਿਲਕਾ, 30 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਤੇ ਪਿੰਡਾਂ ਅੰਦਰ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਂਚਾਂ ਅਤੇ ਠੇਕਿਆਂ ਨੂੰ ਬੰਦ ਕਰਨ ਲਈ ਬਣਾਈ ਗਈ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਫਾਜ਼ਿਲਕਾ ਦੇ ਐੱਸਐੱਸਪੀ ਨੂੰ ਕਮੇਟੀ ਦੇ ਕਨਵੀਨਰ ਨਰਿੰਦਰ ਢਾਬਾਂ ਅਤੇ ਜੱਜ ਸਰਪੰਚ ਦੀ ਅਗਵਾਈ ਹੇਠ ਮੈਮੋਰੰਡਮ ਦਿੱਤਾ। ਆਗੂਆਂ ਨੇ ਦੱਸਿਆ ਕਿ ਫਾਜ਼ਿਲਕਾ ਹਲਕੇ ਦੇ ਅੰਦਰ ਜਿੰਨੇ ਵੀ ਪਿੰਡ ਅਤੇ ਸ਼ਹਿਰ ਆਉਂਦੇ ਹਨ, ਇਨ੍ਹਾਂ ਸਭ ਅੰਦਰ ਠੇਕੇਦਾਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਮਚਾਇਆ ਹੋਇਆ ਹੈ ਤੇ ਕਈਆਂ ’ਤੇ ਨਾਜਾਇਜ਼ ਪਰਚੇ ਕਰ ਰਹੇ ਹਨ। ਜ਼ਬਰਦਸਤੀ ਕਈਆਂ ਪਿੰਡਾਂ ਅੰਦਰ ਨਾਜਾਇਜ਼ ਠੇਕੇ ਤੇ ਬਰਾਂਚਾਂ ਖੋਲ੍ਹੀਆਂ ਹੋਈਆਂ ਹਨ, ਜੋ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਹਨ, ਉਹ ਐਕਸਾਇਜ਼ ਵਿਭਾਗ ਦੀਆਂ ਧੱਜੀਆਂ ਉਡਾ ਕੇ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 6 ਨਵੰਬਰ ਤੱਕ ਨਾਜਾਇਜ਼ ਬਰਾਂਚਾਂ ਨੂੰ ਬੰਦ ਨਾ ਕੀਤਾ ਤਾਂ ਉਕਤ ਕਮੇਟੀ ਖੁਦ ਐਕਸ਼ਨ ਲਵੇਗੀ ਤੇ ਨਾਜਾਇਜ਼ ਠੇਕੇ ਤੇ ਬਰਾਂਚਾਂ ਬੰਦ ਕਰਵਾਉਣਗੇ।