ਪਰਮਜੀਤ ਸਿੰਘ
ਫਾਜ਼ਿਲਕਾ/ਜਲਾਲਾਬਾਦ, 28 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਸੁਤੰਤਰ ਭਵਨ ਵਿਚ ਬਲਾਕ ਜਲਾਲਾਬਾਦ ਦੀਆਂ ਬਰਾਂਚਾਂ ਦੇ ਚੁਣੇ ਡੈਲੀਗੇਟਾਂ ਦਾ ਇਜਲਾਸ ਬਲਾਕ ਕਮੇਟੀ ਚੁਣਨ ਲਈ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕਾਮਰੇਡ ਕ੍ਰਿਸ਼ਨ ਧਰਮੂਵਾਲਾ, ਖਰੈਤ ਬੱਘੇਕੇ ਅਤੇ ਮਨਜੀਤ ਕੌਰ ਕਾਠਗੜ੍ਹ ਨੇ ਕੀਤੀ। ਕਾਮਰੇਡ ਰਿਸ਼ੀਪਾਲ ਅਬੋਹਰ ਅਤੇ ਡਾਕਟਰ ਸਰਬਜੀਤ ਬਨਵਾਲਾ ਬਤੌਰ ਚੋਣ ਅਬਜ਼ਰਵਰ ਹਾਜ਼ਰ ਹੋਏ। ਇਸ ਮੌਕੇ ਸਭ ਤੋਂ ਪਹਿਲਾਂ ਬਲਾਕ ਸਕੱਤਰ ਕਾਮਰੇਡ ਛਿੰਦਰ ਮਹਾਲਮ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਪਾਰਟੀ ਦੇ ਕੰਮਾਂ ਦੀ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਕੁਝ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਮੌਕੇ ਕਾਮਰੇਡ ਹੰਸਰਾਜ ਗੋਲਡਨ ਤੇ ਕਾਮਰੇਡ ਸੁਰਿੰਦਰ ਢੰਡੀਆਂ ਨੇ ਆਪਣੇ ਸੰਬੋਧਨ ਵਿਚ ਪਾਰਟੀ ਵਰਕਰਾਂ ਨੂੰ ਬਰਾਂਚਾਂ ਤੇ ਇਲਾਕੇ ’ਚ ਜਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਮਰੇਡ ਰਿਸ਼ੀ ਪਾਲ ਅਤੇ ਡਾਕਟਰ ਸਰਬਜੀਤ ਬਨਵਾਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਨਤਕ ਜਥੇਬੰਦੀਆਂ ਨੂੰ ਲੋਕਾਂ ਵਿੱਚ ਜਾ ਕੇ ਆਪਣੇ ਯੂਨਿਟ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਇਜਲਾਸ ਵਿੱਚ ਬਲਾਕ ਕਮੇਟੀ ਨਵੀਂ ਬਲਾਕ ਕਮੇਟੀ ਲਈ 29 ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਜ਼ਿਲ੍ਹਾ ਡੈਲੀਗੇਟ ਇਜਲਾਸ ਲਈ ਡੈਲੀਗੇਟਾਂ ਦੀ ਬਲਾਕ ਮੈਂਬਰਸ਼ਿਪ ਅਨੁਸਾਰ 72 ਡੈਲੀਗੇਟਾ ਦੀ ਚੋਣ ਕੀਤੀ ਗਈ, ਜੋ ਜ਼ਿਲੇ ਦੇ ਇਜਲਾਸ ਵਿਚ ਹਿੱਸਾ ਲੈਣਗੇ। ਇਸ ਮੌਕੇ ਹਾਜ਼ਰ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਕਾਮਰੇਡ ਛਿੰਦਰ ਸਿੰਘ ਮਹਾਲਮ ਨੂੰ ਦੁਬਾਰਾ ਬਲਾਕ ਸਕੱਤਰ ਚੁਣ ਲਿਆ ਗਿਆ ਅਤੇ ਦੂਜੇ ਅਹੁਦੇਦਾਰਾਂ ਵਿੱਚ ਮੀਤ ਸਕੱਤਰ ਕ੍ਰਿਸ਼ਨ ਧਰਮੂਵਾਲਾ, ਮੀਤ ਸਕੱਤਰ ਹਰਭਜਨ ਛਪੜੀਵਾਲਾ ਨੂੰ ਚੁਣਿਆ ਗਿਆ। ਇਸ ਇਜਲਾਸ ਨੂੰ ਸਤੀਸ਼ ਛੱਪੜੀਵਾਲਾ, ਮੁਖਤਿਆਰ ਕਮਰੇਵਾਲਾ, ਸੰਦੀਪ ਜੋਧਾ, ਜਰਨੈਲ ਢਾਬਾਂ ਅਤੇ ਬਲਵਿੰਦਰ ਮਹਾਲਮ ਨੇ ਸੰਬੋਧਨ ਕੀਤਾ।