ਪੱਤਰ ਪ੍ਰੇਰਕ
ਮਾਨਸਾ, 21 ਅਕਤੂਬਰ
ਇੱਥੇ ਸੀਪੀਆਈ(ਐੱਮ) ਤਹਿਸੀਲ ਮਾਨਸਾ ਦੀ ਜਥੇਬੰਦਕ ਕਾਨਫਰੰਸ ਵਿੱਚ ਪਾਰਟੀ ਦੀ ਨਵੀਂ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਕਾਮਰੇਡ ਘਨੀਸ਼ਾਮ ਨਿੱਕੂ ਤਹਿਸੀਲ ਸਕੱਤਰ ਚੁਣੇ ਗਏ। ਕਾਨਫਰੰਸ ਦੀ ਪ੍ਰਧਾਨਗੀ ਨਛੱਤਰ ਸਿੰਘ ਢੈਪਈ, ਅਮਰਜੀਤ ਸਿੰਘ ਸਿੱਧੂ, ਘਨੀਸ਼ਾਮ ਨਿੱਕੂ, ਦਰਸ਼ਨ ਸਿੰਘ ਧਲੇਵਾਂ ਤੇ ਸੁਰੇਸ਼ ਕੁਮਾਰ ਮਾਨਸਾ ਨੇ ਕੀਤੀ। ਆਰੰਭ ਵਿੱਚ ਇੱਕ ਸ਼ੋਕ ਮਤੇ ਰਾਹੀਂ ਸੀਤਾ ਰਾਮ ਯੇਚੁਰੀ, ਬੁੱਧਾਦੇਬ ਭੱਟਾਚਾਰੀਆ, ਐੱਮਐੱਮ ਲਾਰੈਂਸ ਤੇ ਬਖਸ਼ੀਸ਼ ਸਿੰਘ ਹੀਰਕੇ ਐਡਵੋਕੇਟ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਨਫਰੰਸ ਦੌਰਾਨ ਜੁੜੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਦੇਸ਼ ਸਿਆਸੀ, ਸਮਾਜਿਕ ਅਤੇ ਆਰਥਿਕ ਤੌਰ ’ਤੇ ਗੰਭੀਰ ਸਥਿਤੀ ’ਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ ਦੀ ਸੱਤਾ ਉਪਰ ਕਾਬਜ਼ ਧਿਰ ਲੋਕਾਂ ਦੀ ਬਾਂਹ ਫੜ੍ਹਨ ਦੀ ਥਾਂ ਅਮਰੀਕਾ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਤਾਕਤਾਂ ਦੇਸ਼ ਅੰਦਰ ਉੱਠ ਅਤੇ ਉੱਭਰ ਰਹੀ ਕਿਰਤੀਆਂ ਕਿਸਾਨਾਂ ਦੀ ਲਹਿਰ ਨੂੰ ਸੱਟ ਮਾਰਨ ਲਈ ਅਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦੇਸ਼ ਅੰਦਰ ਫਿਰਕਾਪ੍ਰਸਤੀ ਦੀ ਜ਼ਹਿਰ ਪੈਦਾ ਕਰ ਰਹੀਆਂ ਹਨ। ਇਸੇ ਦੌਰਾਨ ਨਵੀਂ 23 ਮੈਂਬਰੀ ਤਹਿਸੀਲ ਕਮੇਟੀ ਦਾ ਪੈੱਨਲ ਸੀਨੀਅਰ ਅਵਤਾਰ ਸਿੰਘ ਛਾਪਿਆਂਵਾਲੀ ਨੇ ਪੇਸ਼ ਕੀਤਾ, ਜਿਸ ਵਿੱਚ ਤਹਿਸੀਲ ਸਕੱਤਰ ਘਨੀਸ਼ਾਮ ਨਿੱਕੂ ਤੋਂ ਇਲਾਵਾ ਅਮਰਜੀਤ ਸਿੰਘ ਸਿੱਧੂ,ਸੁਰੇਸ਼ ਕੁਮਾਰ ਮਾਨਸਾ, ਜਗਦੇਵ ਸਿੰਘ ਢੈਪਈ, ਮਾਨਵ ਮਾਨਸਾ, ਰਾਜੂ ਗੋਸਵਾਮੀ, ਸੰਜੀਤ ਕੁਮਾਰ ਗੁਪਤਾ, ਅਵਿਨਾਸ ਕੌਰ, ਦਲਜੀਤ ਕੌਰ, ਬਲਜੀਤ ਸਿੰਘ ਖੀਵਾ, ਗੁਰਜੰਟ ਸਿੰਘ ਕੋਟੜਾ, ਹਰਦਿਆਲ ਸਿੰਘ ਭੋਲਾ, ਪਰਵਿੰਦਰ ਸਿੰਘ ਕੈਂਥ, ਪਰਵਿੰਦਰ ਸਿੰਘ ਭੀਖੀ, ਅਮਨਦੀਪ ਸਿੰਘ ਬਿੱਟੂ, ਜਸਵਿੰਦਰ ਸਿੰਘ, ਹਰਦੇਵ ਸਿੰਘ ਬੱਪੀਆਣਾ, ਮੇਜਰ ਸਿੰਘ ਰਾਏਪੁਰ, ਬੀਰਬਲ ਸਿੰਘ ਚੌਹਾਨ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ।