ਨਵਕਿਰਨ ਸਿੰਘ
ਮਹਿਲ ਕਲਾਂ, 22 ਜੁਲਾਈ
ਬਲਾਕ ਮਹਿਲ ਕਲਾਂ ਦੇ ਪਿੰਡ ਹਮੀਦੀ ਵਿੱਚੋਂ ਲੰਘਦੀ ਅੱਪਲਸਾੜਾ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਰਕੇ 200 ਏਕੜ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਪ੍ਰਸ਼ਾਸਨ ’ਤੇ ਡਰੇਨ ਦੀ ਪੂਰੀ ਸਫ਼ਾਈ ਨਾ ਕਰਵਾਉਣ ਦੇ ਦੋਸ਼ ਲਾਉਂਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਉਦੈ ਸਿੰਘ ਹਮੀਦੀ, ਪੰਚ ਜਸਵਿੰਦਰ ਸਿੰਘ ਮਾਂਗਟ, ਪੰਚ ਅਮਰ ਸਿੰਘ ਚੋਪੜਾ ਆਦਿ ਨੇ ਦੱਸਿਆ ਕਿ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਿੱਛੋਂ ਆਇਆ ਬਰਸਾਤ ਦਾ ਪਾਣੀ ਓਵਰਫਲੋਅ ਹੋਣ ਕਾਰਨ ਕਿਸਾਨ ਗੁਰਜੰਟ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਦਲਬਾਰਾ ਸਿੰਘ ਆਦਿ ਦਾ ਝੋਨਾ, ਹਰਾ ਚਾਰਾ, ਮੂੰਗੀ ਤੇ ਮੱਕੀ ਦੀ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਵੱਲੋਂ ਰੋਸ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨ ਰਾਹੀਂ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ ਨੇ ਦੱਸਿਆ ਕਿ ਡਰੇਨ ਦੇ ਪਾਣੀ ਦੀ ਮਾਰ ਹੇਠ ਆਏ ਪਿੰਡ ਹਮੀਦੀ ਦੀਆਂ ਫਸਲਾਂ ਦੀ ਹਲਕਾ ਪਟਵਾਰੀ ਵੱਲੋਂ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪ੍ਰਭਾਵਿਤ ਹੋਈ ਫਸਲ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।
ਪਾਣੀ ਖੜ੍ਹਨ ਕਾਰਨ ਲੋਕਾਂ ਦੇ ਘਰਾਂ ਦਾ ਹੋਣ ਲੱਗਿਆ ਨੁਕਸਾਨ
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ਦੇ ਬਲਾਕ ਮੰਡੀ ਅਰਨੀਵਾਲਾ ਖੇਤਰ ਵਿੱਚ ਕਰੀਬ ਪੰਜ ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਉਥੇ ਮੀਂਹ ਕਾਰਨ ਮਕਾਨ ਤੇ ਘਰਾਂ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ। ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਜਾਨਣ ਲਈ ਅਜੇ ਤਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਪਹੁੰਚਿਆ। ਪਿੰਡ ਡੱਬਵਾਲਾ ਕਲਾਂ ਦੇ ਕਿਸਾਨ ਜਗਜੀਤ ਸਿੰਘ, ਗੁਰਨਾਮ ਸਿੰਘ, ਬੋਹੜ ਸਿੰਘ, ਸ਼ਾਮ ਸਿੰਘ, ਅੰਗਰੇਜ਼ ਸਿੰਘ, ਸ਼ੁੱਭਕਰਮਨ ਸਿੰਘ, ਮੇਜਰ ਸਿੰਘ, ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਾਣੀ ਨੂੰ ਕੁਝ ਲੋਕਾਂ ਵੱਲੋਂ ਰੋਕ ਲਿਆ ਗਿਆ ਹੈ ਤੇ ਪਾਣੀ ਰੁਕਣ ਕਾਰਨ ਉਨ੍ਹਾਂ ਦੇ ਪੱਕੇ ਮਕਾਨਾਂ ਵਿੱਚ ਵੀ ਤਰੇੜਾਂ ਪੈ ਗਈਆਂ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ਜਾਣ ਤੋਂ ਵੀ ਅਸਮਰੱਥ ਹੋ ਗਏ ਹਨ। ਇਸ ਸਬੰਧੀ ਬਲਾਕ ਮੰਡੀ ਅਰਨੀਵਾਲਾ ਦੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਨੇ ਕਿਹਾ ਕਿ ਇਸ ਸਬੰਧੀ ਕਿਸਾਨਾਂ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਨੂੰ ਅਗਲੀ ਕਾਰਵਾਈ ਲਈ ਐੱਸਐੱਚਓ ਮੰਡੀ ਅਰਨੀਵਾਲਾ ਅਤੇ ਨਹਿਰੀ ਵਿਭਾਗ ਦੇ ਐੱਸਡੀਓ ਨੂੰ ਭੇਜ ਦਿੱਤਾ ਗਿਆ ਹੈ।