ਪੱਤਰ ਪ੍ਰੇਰਕ
ਜੈਤੋ, 11 ਜੁਲਾਈ
ਮੌਸਮੀ ਕਰੋਪੀ ਨਾਲ ਹੋਏ ਫ਼ਸਲੀ ਨੁਕਸਾਨ ਦੀ ਭਰਪਾਈ ਦੀ ਮੰਗ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਵੱਲੋਂ ਜਾਰੀ ਬੇਮਿਆਦੀ ਧਰਨੇ ਦਾ ਅੱਜ 34ਵਾਂ ਦਿਨ ਸੀ। ਧਰਨਾਕਾਰੀ ਕਿਸਾਨਾਂ ਦੇ ਵਫ਼ਦ ਨਾਲ ਅੱਜ ਤਹਿਸੀਲਦਾਰ ਜੈਤੋ ਲਵਪ੍ਰੀਤ ਕੌਰ ਵੱਲੋਂ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਗਈ। ਵਫ਼ਦ ਅਨੁਸਾਰ ਗੱਲਬਾਤ ਦੌਰਾਨ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਫ਼ਸਲੀ ਮੁਆਵਜ਼ੇ ਲਈ ਕਰੀਬ 15 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਪ੍ਰਭਾਵਿਤ ਕਿਸਾਨਾਂ ਨੂੰ ਵੰਡ ਦਿੱਤੀ ਜਾਵੇਗੀ। ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕਰਮਜੀਤ ਸਿੰਘ ਚੈਨਾ ਨੇ ਸੁਖਾਵੇਂ ਮਾਹੌਲ ’ਚ ਹੋਈ ਇਸ ਗੱਲਬਾਤ ’ਤੇ ਤਸੱਲੀ ਪ੍ਰਗਟਾਈ ਅਤੇ ਇਸ ਨੂੰ ਸੰਘਰਸ਼ ਦੇ ਜਿੱਤ ਤਰਫ਼ ਵਧੇ ਕਦਮ ਦੱਸਿਆ। ਕਿਸਾਨ ਆਗੂ ਨੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਕਿ ਇਹ ਰਕਮ ਮੁਆਵਜ਼ੇ ਦੇ ਅਸਲ ਹੱਕਦਾਰਾਂ ਨੂੰ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਰਕਮ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੋਣ ਤੋਂ ਬਾਅਦ ਹੀ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ ਜਾਵੇਗਾ।
ਧਰਨੇ ’ਚ ਜ਼ਿਲ੍ਹਾ ਕਮੇਟੀ ਬਲਵਿੰਦਰ ਸਿੰਘ ਰੋੜੀਕਪੂਰਾ, ਸੁਖਦੇਵ ਸਿੰਘ ਬਹਿਬਲ ਕਲਾਂ, ਗੁਰਮੇਲ ਸਿੰਘ ਚੈਨਾ, ਨਾਇਬ ਸਿੰਘ ਢੈਪਈ, ਜਗਜੀਤ ਸਿੰਘ ਡੋਡ ਸ਼ਾਮਲ ਸਨ।