ਜੋਗਿੰਦਰ ਸਿੰਘ ਮਾਨ
ਮਾਨਸਾ, 23 ਜਨਵਰੀ
ਮਾਲਵਾ ਖੇਤਰ ਵਿੱਚ ਲਗਾਤਾਰ ਕਈ ਦਿਨਾਂ ਤੋਂ ਸਿੱਲੇ ਹੋਏ ਮੌਸਮ ਨਾਲ ਫ਼ਸਲਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜਨ ਲੱਗੀਆਂ ਹਨ। ਖੇਤਾਂ ਵਿੱਚ ਬਣੀ ਸਿੱਲ ਨੇ ਇਕੱਲੀ ਕਣਕ ਨੂੰ ਹੀ ਪੀਲਾ ਨਹੀਂ ਕੀਤਾ, ਸਗੋਂ ਅਸਮਾਨੀ ਲਿਸ਼ਕਦੀ ਬਿਜਲੀ ਨੇ ਸਰ੍ਹੋਂ ਅਤੇ ਛੋਲਿਆਂ ਉਪਰ ਬੈਕਟੇਰੀਆ ਬਲਾਈਟ (ਚਾਨਣੀ) ਦਾ ਹਮਲਾ ਹੋ ਗਿਆ ਹੈ। ਖੇਤੀ ਮਾਹਿਰਾਂ ਵੱਲੋਂ ਮੀਂਹ ਹੱਟਣ ਤੋਂ ਬਾਅਦ ਸਪਰੇਆਂ ਕਰਨ ਦਾ ਦਿੱਤਾ ਸੱਦਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਅਜਿਹੀਆਂ ਬਿਮਾਰੀਆਂ ਦਾ ਹਮਲਾ ਹੋ ਗਿਆ ਹੈ ਅਤੇ ਕਈ ਥਾਵਾਂ ’ਤੇ ਸਪਰੇਆਂ ਨਾ ਕਰਨ ਕਰਕੇ ਫ਼ਸਲਾਂ ਨੂੰ ਨਦੀਨਾਂ ਵੱਲੋਂ ਦੱਬਿਆ ਜਾਣ ਲੱਗਿਆ ਹੈ। ਨਦੀਨਾਂ ਤੋਂ ਕਿਸਾਨਾਂ ਨੂੰ ਡਰ ਖੜ੍ਹਾ ਹੋ ਗਿਆ ਹੈ। ਉਚੇ ਖੇਤਾਂ ’ਚੋਂ ਨੀਵੇਂ ਖੇਤਾਂ ਵੱਲ ਜਾਂਦੇ ਮੀਂਹਾਂ ਦੇ ਪਾਣੀ ਨੇ ਵੀ ਕਣਕ ਦੀ ਫ਼ਸਲ ਨੂੰ ਧੱਕਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਦੱਸਿਆ ਕਿ ਲਗਾਤਾਰ ਪੈ ਰਿਹਾ ਮੀਂਹ ਹੁਣ ਹਾੜ੍ਹੀ ਦੀਆਂ ਫ਼ਸਲਾਂ ਤੋਂ ਝੱਲਿਆ ਨਹੀਂ ਜਾ ਰਿਹਾ ਹੈ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ, ਪਿੰਡ ਬੱਪੀਆਣਾ ਦੇ ਕੁਲਦੀਪ ਸਿੰਘ ਸੇਖੋਂ, ਪਿੰਡ ਫਰਮਾਹੀ ਦੇ ਸਰਪੰਚ ਚਰੰਜੀ ਸਿੰੰਘ ਅਤੇ ਕੋਟੜਾ ਕਲਾਂ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਉਚੇ ਖੇਤਾਂ ਦਾ ਪਾਣੀ ਨੀਵੇਂ ਖੇਤਾਂ ਵੱਲ ਆ ਕੇ ਕਣਕ ਦੀ ਫ਼ਸਲ ਦਾ ਨੁਕਸਾਨ ਕਰ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ ਆਪਸੀ ਲੜਾਈ-ਝਗੜੇ ਹੋਣ ਦਾ ਵੀ ਡਰ ਬਣ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਜਿਹੜੀਆਂ ਜ਼ਮੀਨਾਂ ਵਿੱਚ ਪਾਣੀ ਖੜ੍ਹ ਗਿਆ, ਉਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੇਜ਼ ਹਨ੍ਹੇਰੀ ਨਾਲ ਸਰ੍ਹੋਂ ਅਤੇ ਛੋਲਿਆਂ ਦੇ ਫੁੱਲ ਵੀ ਡਿੱਗ ਪਏ ਹਨ ਅਤੇ ਫ਼ਸਲ ਉਪਰ ਬੈਕਟੇਰੀਆ ਬਲਾਈਟ ਦਾ ਹਮਲਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਬਾਅਦ ਵਿੱਚ ਝੁਲਸ ਰੋਗ ਵਾਂਗ ਅਕਸਰ ਨੁਕਸਾਨ ਕਰ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦੱਸਿਆ ਕਿ ਗਿਆ ਹੈ ਕਿ ਮਾਨਸਾ ਤੋਂ ਇਲਾਵਾ ਬਰਨਾਲਾ, ਮਲੇਾਰਕੋਟਲਾ, ਪਟਿਆਲਾ, ਸੰਗਰੂਰ, ਬਠਿੰਡਾ, ਮੋਗਾ, ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਭਲਕੇ ਮੌਸਮ ਖਰਾਬ ਰਹਿ ਸਕਦਾ ਹੈ।