ਗੁਰਜੰਟ ਕਲਸੀ
ਸਮਾਲਸਰ, 29 ਮਈ
ਬੀਤੀ ਸ਼ਾਮ ਤੇ ਰਾਤ ਹਲਕੇ ਵਿੱਚ ਝੁੱਲੇ ਝੱਖੜ ਤੇ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ। ਤਾਜ਼ੀਆਂ ਬੀਜੀਆਂ ਫਸਲਾਂ ’ਚ ਪਾਣੀ ਭਰ ਗਿਆ ਜਿਸ ਕਾਰਨ ਉਹ ਕਰੰਡ ਹੋ ਗਈਆਂ। ਨਰਮਾ, ਮੱਕੀ ਤੇ ਹੋਰ ਫਸਲਾਂ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ। ਡੇਮਰੂ ਕਲਾਂ ਦੇ ਭਜਨ ਸਿੰਘ ਨੇ ਦੱਸਿਆ ਕਿ ਉਸ ਨੇ ਅਗੇਤਾ ਨਰਮਾ ਬੀਜਿਆ ਜੋ ਚੂਹਿਆਂ ਨੇ ਟੁੱਕ ਕੇ ਖੇਤ ਖਾਲੀ ਕਰ ਦਿੱਤਾ। ਦੁਬਾਰਾ ਬੀਜੇ ਨਰਮੇ ਨੂੰ ਅਜੇ ਨੂੰ ਮਹੀਨਾ ਹੋਇਆ ਸੀ ਕਿ ਬੀਤੀ ਸ਼ਾਮ ਤੇਜ਼ ਝੱਖੜ ਤੇ ਗੜੇਮਾਰੀ ਨੇ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਹੈ। ਉਸ ਕੋਲ ਬੋਰ ਦੇ ਪਾਣੀ ਦਾ ਸਾਧਨ ਨਹੀਂ ਹੈ ਤੇ ਇਹ ਦੋ ਵਾਰ ਬਿਜਾਈ ਉਸ ਨੇ ਮੁੱਲ ਦਾ ਪਾਣੀ ਲਾ ਕੇ ਕੀਤੀ ਸੀ। ਦੋ ਵਾਰ 6 ਹਜ਼ਾਰ ਰੁਪਏ ਦਾ ਬੀਜ ਪਿਆ ਤੇ ਬਿਜਾਈ ਵੱਖਰੀ। ਇਸੇ ਤਰ੍ਹਾਂ ਡੇਮਰੂ ਕਲਾਂ ਦੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦੇ ਨਰਮੇ ਬੀਜੇ ਨੂੰ ਅਜੇ ਮਹੀਨਾ ਹੋਇਆ ਸੀ ਗੜੇਮਾਰੀ ਨੇ ਖੇਤ ਖਾਲੀ ਕਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਦੁਬਾਰਾ ਨਰਮਾ ਬੀਜਣ ਦੀ ਸਮਰੱਥਾ ਨਹੀਂ ਰਹੀ। ਇਸੇ ਤਰ੍ਹਾਂ ਹੀ ਗੇਜ ਸਿੰਘ ਨੇ ਦੱਸਿਆ ਕਿ ਉਸ ਦੀ ਮੱਕੀ ਬੀਜੀ ਨੂੰ ਅਜੇ 20 ਕੁ ਦਿਨ ਹੋਏ ਸਨ ਕਿ ਝੱਖੜ ਤੇ ਗੜੇਮਾਰੀ ਨੇ ਚਾਰਾ ਖਤਮ ਕਰ ਦਿੱਤਾ ਹੈ। ਹੋਰ ਕਿਸਾਨਾਂ ਨੇ ਦੱਸਿਆ ਕਿ ਗੜੇਮਾਰ ਕਾਰਨ ਚਾਰੇ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸੇ ਦੌਰਾਨ ਤੂਫਾਨ ਕਾਰਨ ਭਲੂਰ ਦੇ ਜੋਗਾ ਸਿੰਘ ਦੇ ਘਰ ਖੜ੍ਹੀ ਕਾਰ ’ਤੇ ਕੰਧ ਡਿੱਗਣ ਨਾਲ ਉਹ ਚਕਨਾਚੂਰ ਹੋ ਗਈ।
ਝੱਖੜ ਕਾਰਨ ਖੰਭਿਆਂ ਤੇ ਟਰਾਂਸਫਾਰਮਰਾਂ ਦਾ ਭਾਰੀ ਨੁਕਸਾਨ
ਸਮਾਲਸਰ (ਪੱਤਰ ਪ੍ਰੇਰਕ) ਬੀਤੀ ਸ਼ਾਮ ਆਏ ਤੇਜ਼ ਝੱਖੜ ਨੇ ਹਲਕੇ ਵਿਚ ਭਾਰੀ ਤਬਾਹੀ ਮਚਾਈ ਹੈ। ਬਿਜਲੀ ਵਿਭਾਗ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਿਸ ਕਾਰਨ ਬਿਜਲੀ ਸਪਲਾਈ ਵਿੱਚ ਭਾਰੀ ਵਿਘਨ ਪਿਆ ਹੋਇਆ ਹੈ। ਘਰਾਂ ਦੀਆ ਛੱਤਾਂ ਉੱਡ ਕੇ ਦੂਰ ਜਾ ਡਿੱਗੀਆਂ ਹਨ। ਲੰਡੇ ਦੇ ਲੋਹੇ ਦਾ ਕੰਮ ਕਰਨ ਵਾਲੇ ਮਿਸਤਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਆਏ ਤੇਜ਼ ਝੱਖੜ, ਮੀਂਹ ਅਤੇ ਗੜੇਮਾਰੀ ਨੇ ਉਸ ਦੀ ਵਰਕਸ਼ਾਪ ਦੀ ਛੱਤ ਉਖਾੜ ਦਿੱਤੀ ਜਿਸ ਕਾਰਨ ਉਸ ਦੀ ਬਿਜਲੀ ਨਾਲ ਚੱਲਣ ਵਾਲੇ ਮਹਿੰਗੇ ਸੰਦ ਪਾਣੀ ਨਾਲ ਭਰ ਗਏ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ। ਸਬ ਡਿਵੀਜ਼ਨ ਸਮਾਲਸਰ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਝੱਖੜ ਨੇ ਕਈ ਥਾਈਂ ਭਾਰੀ ਦਰਖਤ ਜੜ੍ਹੋਂ ਪੁੱਟ ਕੇ ਬਿਜਲੀ ਦੀਆਂ ਤਾਰਾਂ, ਖੰਭਿਆਂ ’ਤੇ ਸੁੱਟ ਦਿੱਤੇ ਜਿਸ ਕਾਰਨ ਖੰਭੇ, ਬਿਜਲੀ ਦੀਆਂ ਤਾਰਾਂ ਕਚਰਾ ਬਣ ਗਈਆਂ। ਕਈ ਥਾਈਂ ਟਰਾਂਸਫਾਰਮਰ ਦੂਰ ਜਾ ਡਿੱਗੇ ਅਤੇ ਟਰਾਂਸਫਾਰਮਰਾਂ ਦਾ ਭਾਰੀ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਅੰਦਾਜ਼ੇ ਮੁਤਾਬਕ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਡੇਮਰੂ ਕਲਾਂ ਦੇ ਮੇਜਰ ਸਿੰਘ, ਭਜਨ ਸਿੰਘ, ਗੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਡਿੱਗ ਪਈਆਂ। ਲੰਡੇ ਵਿੱਚ ਦੋ ਦਿਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਰਿਹਾ। ਰਾਜੇਆਣਾ ਵਿੱਚ ਬਿਜਲੀ ਸਪਲਾਈ ਦੀ ਵੱਡੀ ਲਾਈਨ ਦਾ ਟਾਵਰ ਡਿੱਗ ਗਿਆ। ਕਿਸਾਨਾਂ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਨੁਸਾਰ ਖੇਤ ਪਾਣੀ ਵਿੱਚ ਡੁੱਬੇ ਹੋਏ ਹਨ ਜਿਸ ਕਾਰਨ ਬਿਜਲੀ ਸਪਲਾਈ ਚਾਲੂ ਹੋਣ ਵਿੱਚ ਦੇਰ ਹੋ ਸਕਦੀ ਹੈ।