ਪੱਤਰ ਪ੍ਰੇਰਕ
ਟੱਲੇਵਾਲ, 26 ਫਰਵਰੀ
ਪਿੰਡ ਪੱਖੋਕੇ ਦੀ ਸਹਿਕਾਰੀ ਸਭਾ ਵਿੱਚ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਘਪਲੇ ਦੇ ਦੋਸ਼ ਸੁਸਾਇਟੀ ਦੇ ਸੈਕਟਰੀ ਉਪਰ ਲੱਗੇ ਹਨ। ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੁਸਾਇਟੀ ਵਿੱਚ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੁਸਾਇਟੀ ਨਾਲ ਲੈਣ ਦੇਣ ਕਰਨ ਵਾਲੇ ਪਿੰਡ ਦੇ ਨਿਰਮਲ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੱਖੋਕੇ ਸੁਸਾਇਟੀ ਵਿੱਚ ਜਾਅਲੀ ਕਾਪੀਆਂ, ਬਿਨਾਂ ਮਨਜ਼ੂਰੀ ਤੋਂ ਚੈੱਕ ਅਤੇ ਫੀਡ ਵਿੱਚ ਵੱਡੇ ਘਪਲੇਬਾਜ਼ੀ ਰਾਹੀਂ ਉਨ੍ਹਾਂ ਨਾਲ ਸੁਸਾਇਟੀ ਦੇ ਸੈਕਟਰੀ ਨੇ ਠੱਗੀ ਮਾਰਕੇ ਵੱਡਾ ਘਪਲਾ ਕੀਤਾ ਹੈ। ਥਾਣਾ ਸਦਰ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਸੈਕਟਰੀ ਗੁਰਚਰਨ ਸਿੰਘ ਵਿਰੁੱਧ ਠੱਗੀ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।