ਨਵਕਿਰਨ ਸਿੰਘ
ਮਹਿਲ ਕਲਾਂ, 7 ਮਾਰਚ
ਤੇਲ ਕੀਮਤਾਂ ਵਧਣ ਦੇ ਖਦਸ਼ੇ ਕਾਰਨ ਅੱਜ ਪੈਟਰੋਲ ਪੰਪਾਂ ’ਤੇ ਕੁਝ ਲੋਕ ਥੋਕ ਵਿੱਚ ਤੇਲ ਦੇ ਢੋਲ ਭਰਾਉਂਦੇ ਨਜ਼ਰ ਆਏ। ਲੋਕਾਂ ਵਿੱਚ ਇਹ ਚਰਚਾ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਪੰਜ ਸੂਬਿਆਂ ਦੀਆਂ ਚੋਣਾਂ ਕਾਰਨ ਸਰਕਾਰ ਨੇ ਰੂਸ-ਯੂਕਰੇਨ ਜੰਗ ਦੇ ਬਾਵਜੂਦ ਤੇਲ ਕੀਮਤਾਂ ਨੂੰ ਕਾਬੂ ਕਰੀ ਰੱਖਿਆ, ਪਰ ਅੱਜ ਉੱਤਰ ਪ੍ਰਦੇਸ਼ ਵਿੱਚ ਆਖ਼ਰੀ ਗੇੜ ਦੀਆਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਤੇਲ ਕੀਮਤਾਂ ਵਿੱਚ ਉਛਾਲ ਆ ਸਕਦਾ ਹੈ। ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਬਾਅਦ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਤੇ ਪਿਛਲੇ ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇ ਬਾਵਜੂਦ ਪੰਜਾਬ ਵਿੱਚ ਤੇਲ ਕੀਮਤਾਂ ਨਾ ਵਧੀਆਂ ਹੋਣ। ਲੋਕ ਤੇਲ ਕੀਮਤਾਂ ਬਾਰੇ ਸਰਕਾਰ ਦੀ ਚੁੱਪ ਪਿੱਛੇ ਚੋਣਾਂ ਨੂੰ ਵੇਖਦੇ ਹਨ, ਇਸੇ ਕਾਰਨ ਅੱਜ ਚੋਣਾਂ ਦੇ ਆਖ਼ਰੀ ਦਿਨ ਡੀਜ਼ਲ ਲੈਣ ਲਈ ਪੈਟਰੋਲ ਪੰਪਾਂ ’ਤੇ ਢੋਲ ਲੱਦੇ ਟਰੈਕਟਰ ਨਜ਼ਰ ਆਏ।
ਮਹਿਲ ਕਲਾਂ ਨੇੜੇ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਪਹੁੰਚੇ ਮਨਦੀਪ ਸਿੰਘ ਮਹਿਲ ਕਲਾਂ, ਜੋਧ ਸਿੰਘ ਵਜ਼ੀਦਕੇ, ਗੁਰਪ੍ਰੀਤ ਸਿੰਘ ਸਹਿਜੜ੍ਹਾ, ਮਨਜੀਤ ਸਿੰਘ ਤੇ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਚੋਣਾਂ ਤੋਂ ਬਾਅਦ ਤੇਲ ਕੀਮਤਾਂ ਵਧਾ ਦੇਵੇਗੀ ਤੇ ਇਸ ਕਰਕੇ ਉਹ ਅੱਜ ਤੇਲ ਪਵਾ ਰਹੇ ਹਨ।
ਭਾਰਤ ਪੈਟਰੋਲੀਅਮ ਮਹਿਲ ਕਲਾਂ ਦੇ ਪੰਪ ’ਤੇ ਤੇਲ ਦੀ ਵਿਕਰੀ ਕਰ ਰਹੇ ਸੋਨੂੰ ਕੁਮਾਰ ਨੇ ਤੇਲ ਦੀ ਵਿਕਰੀ ਪਹਿਲਾਂ ਤੋਂ ਜ਼ਿਆਦਾ ਹੋਣ ਦੀ ਗੱਲ ਕੀਤੀ।
ਇਸ ਸਬੰਧੀ ਕੈਰੇ ਪੈਟਰੋ ਪੁਆਇੰਟ ਦੇ ਮੈਨੇਜਰ ਗੁਰਪ੍ਰੀਤ ਸਿੰਘ ਬਿੱਟੂ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਡੀਜ਼ਲ ਦੀ ਵਿਕਰੀ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੋ ਚੁੱਕੀ ਹੈ ਤੇ ਅੱਜ ਤਾਂ ਦੁਪਹਿਰ ਤੱਕ ਹੀ ਬੀਤੀ ਕੱਲ੍ਹ ਜਿੰਨੇ ਤੇਲ ਦੀ ਵਿਕਰੀ ਹੋ ਚੁੱਕੀ ਹੈ।
ਬਾਜ਼ਾਰ ਵਿੱਚ ਖਾਲੀ ਡਰੰਮਾਂ ਦੀ ਕੀਮਤ ਦੁੱਗਣੀ ਹੋਈ
ਮਮਦੋਟ (ਜਸਵੰਤ ਸਿੰਘ ਥਿੰਦ): ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੰਜ ਸੂਬਿਆਂ ਦੀਆਂ ਅੱਜ ਮੁਕੰਮਲ ਹੋਈਆਂ ਚੋਣਾਂ ਤੋਂ ਬਾਅਦ ਤੇਲ ਕੀਮਤਾਂ ਵਿੱਚ ਭਾਰੀ ਵਾਧੇ ਦੀ ਸੰਭਾਵਨਾ ਕਾਰਨ ਕਿਸਾਨਾਂ ਵੱਲੋਂ ਵਿਆਜ ’ਤੇ ਪੈਸੇ ਚੁੱਕ ਕੇ ਡੀਜ਼ਲ ਖ਼ਰੀਦਿਆ ਜਾ ਰਿਹਾ ਹੈ। ਤੇਲ ਦੇ ਵਧਦੇ ਰੇਟ ਕਾਰਨ ਇੱਥੇ ਕੁਝ ਪੰਪਾਂ ਵਾਲਿਆਂ ਨੇ ਤੇਲ ਹੋਣ ਦੇ ਬਾਵਜੂਦ ਤੇਲ ਦਾ ਸਟਾਕ ਖ਼ਤਮ ਹੋਣ ਦਾ ਬਹਾਨਾ ਲਾ ਕੇ ਤੇਲ ਦੇਣਾ ਬੰਦ ਕਰ ਦਿੱਤਾ। ਉੱਧਰ ਕਿਸਾਨਾਂ ਵੱਲੋਂ ਤੇਲ ਜਮ੍ਹਾਂ ਕਰਨ ਲਈ ਬਾਜ਼ਾਰ ਵਿੱਚੋਂ ਡਰੰਮਾਂ ਦੀ ਖ਼ਰੀਦ ਕਰਨ ਕਾਰਨ ਬਾਜ਼ਾਰ ਵਿੱਚ ਡਰੰਮਾਂ ਦੀ ਭਾਰੀ ਕਮੀ ਆ ਗਈ। ਆਮ ਦਿਨਾਂ ਵਿੱਚ ਜਿਹੜਾ ਡਰੰਮ ਸੱਤ ਸੌ ਰੁਪਏ ਦਾ ਮਿਲ ਰਿਹਾ ਸੀ, ਉਹ ਹੁਣ ਪੰਦਰਾਂ ਸੌ ਰੁਪਏ ਤੱਕ ਵਿਕਣ ਲੱਗਾ ਹੈ। ਕੁਝ ਪੰਪਾਂ ਵਾਲਿਆਂ ਵੱਲੋਂ ਅੱਜ ਦੀ ਰਾਤ ਤੇਲ ਕੀਮਤਾਂ ਵਧਣ ਦੇ ਅੰਦਾਜ਼ੇ ਨਾਲ ਕਿਸਾਨਾਂ ਨੂੰ ਤੇਲ ਖਤਮ ਹੋਣ ਦਾ ਬਹਾਨਾ ਲਾ ਦਿੱਤਾ ਗਿਆ ਜਿਸ ਕਾਰਨ ਬਹੁਤ ਸਾਰੇ ਪੰਪਾਂ ਤੋਂ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਖਾਲੀ ਮੁੜਨਾ ਪਿਆ।