ਰਮਨਦੀਪ ਸਿੰਘ
ਚਾਉਕੇ, 13 ਸਤੰਬਰ
ਨਗਰ ਪੰਚਾਇਤ ਚਾਉਕੇ ਵਿੱਚ ਛੱਪੜ ਦਾ ਗੰਦਾ ਪਾਣੀ ਮਜ਼ਦੂਰ ਪਰਿਵਾਰਾਂ ਦੇ ਮੁਹੱਲੇ ਵਿੱਚ ਚੜ੍ਹਨ ਨਾਲ ਕਈ ਮਕਾਨ ਨੁਕਸਾਨੇ ਗਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੱਸਿਆ ਕਿ ਕਮਲਪ੍ਰੀਤ ਕੌਰ ਪਤਨੀ ਲਖਵੀਰ ਸਿੰਘ ਨੇ ਸਾਰੀ ਉਮਰ ਦੀ ਰਿਣੀ-ਚਿਣੀ ਘਰ ਬਣਾਉਣ ’ਤੇ ਲਾ ਦਿੱਤੀ ਸੀ ਪਰ ਗਲੀ ਵਿੱਚ ਖੜੇ ਪਾਣੀ ਕਾਰਨ ਉਸ ਦੇ ਮਕਾਨ ਦੀ ਕੰਧ ਬਹਿ ਗਈ ਤੇ ਗੁਸਲਖਾਨਾ ਤੇ ਪਖਾਨਾ ਡਿੱਗ ਪਿਆ। ਗੁਰਮੀਤ ਕੌਰ ਅਤੇ ਟਹਿਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਲੱਖਾਂ ਰੁਪਏ ਨਾਲ ਮਕਾਨ ਬਣਾਇਆ ਸੀ ਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੰਧਾਂ ਅਤੇ ਫਰਸ਼ ਵਿੱਚ ਤਰੇੜਾਂ ਆ ਗਈਆਂ ਹਨ। ਜਗਸੀਰ ਸਿੰਘ ਦਾ ਰੈਣ ਬਸੇਰਾ ਵੀ ਨੁਕਸਾਨਿਆ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਕਰਵਾਇਆ ਜਾਵੇ ਨਹੀਂ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਨਗਰ ਪੰਚਾਇਤ ਚਾਉਕੇ ਦੇ ਕਾਰਜਸਾਧਕ ਅਫ਼ਸਰ ਰਵੀ ਕੁਮਾਰ ਨੇ ਕਿਹਾ ਕਿ ਪਿੰਡ ਦੇ ਛੱਪੜ ਦੀ ਨਿਕਾਸੀ ਲਈ ਇਕ ਕਰੋੜ ਤੋਂ ਉਪਰ ਦੇ ਨਵੇਂ ਟੈਂਡਰ ਲਗਾਏ ਜਾ ਰਹੇ ਸਨ, ਜਿਸ ਦੇ ਪਾਸ ਹੋ ਜਾਣ ਨਾਲ ਸਮੱਸਿਆ ਹੱਲ ਹੋ ਜਾਵੇਗੀ, ਪਹਿਲਾ ਲਗਾਏ ਗਏ ਟੈਂਡਰ ਰੱਦ ਹੋ ਗਏ ਹਨ।