ਨਿੱਜੀ ਪੱਤਰ ਪ੍ਰੇਰਕ
ਮਲੋਟ, 19 ਜੁਲਾਈ
ਅਨਾਜ ਮੰਡੀ ਵਿੱਚ ਕਰੀਬ ਦੋ ਏਕੜ ਤੋਂ ਵਧੇਰੇ ਥਾਂ ’ਤੇ ਲਗਾਇਆ ਗਿਆ ਟਰੇਡ ਫੇਅਰ ਭਾਵੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਚੱਲ ਰਿਹਾ ਹੈ, ਪਰ ਇਸ ਟਰੇਡ ਫੇਅਰ ਦੇ ਸੰਚਾਲਕਾਂ ਵੱਲੋਂ ਵਰਤੀਆਂ ਜਾ ਰਹੀਆਂ ਵੱਡੀਆਂ ਲਾਪਰਵਾਹੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਬਿਜਲੀ ਸਬੰਧੀ ਵਰਤੀ ਜਾ ਰਹੀ ਲਾਪਰਵਾਹੀ ਤਾਂ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਸਬੰਧੀ ਮਲੋਟ ਦੇ ਵਸਨੀਕ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਹ ਤਾਰਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋਣੀਆਂ ਚਾਹੀਦੀਆਂ ਸਨ ਤਾਂ ਕਿ ਹੇਠਾਂ ਪੈਰਾਂ ਨਾਲ ਜ਼ਮੀਨ ਦੀ ਰਗੜ ਕਾਰਨ ਕਰੰਟ ਲੱਗਣ ਦੀ ਸੰਭਾਵਨਾ ਹੀ ਨਾ ਰਹੇ ਕਿਉਂਕਿ ਆਮ ਲੋਕ ਇਨ੍ਹਾਂ ਤਾਰਾਂ ਦੇ ਉਤੇ ਤੁਰੇ ਫਿਰਦੇ ਹਨ। ਜਾਣਕਾਰੀ ਮੁਤਾਬਿਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਲੋਕਾਂ ਦੀ ਸੁਰੱਖਿਆ ਲਈ ਟਰੇਡ ਮੇਲੇ ਦਾ ਦੌਰਾ ਤਕ ਨਹੀਂ ਕੀਤਾ। ਉਸ ਨੇ ਦੱਸਿਆ ਕਿ ਕੱਲ ਦਾ ਮੀਂਹ ਪੈ ਰਿਹਾ ਹੈ ਤੇ ਤਾਰਾਂ ਜ਼ਮੀਨ ’ਤੇ ਵਿਛੀਆਂ ਹੋਈਆਂ ਹਨ ਜਿਨ੍ਹਾਂ ਦੇ ਉਤੋਂ ਲੋਕ ਲੰਘਦੇ ਹਨ ਜੇਕਰ ਕਿਤੇ ਥੋੜ੍ਹੀ ਜਿਹੀ ਤਾਰ ਨੰਗੀ ਹੋਈ ਤਾਂ ਕਰੰਟ ਝੂਲਿਆਂ ਸਮੇਤ ਹੋਰਨਾਂ ਥਾਵਾਂ ’ਤੇ ਫੈਲ ਸਕਦਾ ਹੈ। ਇਸ ਸਬੰਧੀ ਐੱਸਡੀਐੱਮ ਮਲੋਟ ਗਗਨਦੀਪ ਸਿੰਘ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਹੈ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹ ਤੁਰੰਤ ਕਾਰਵਾਈ ਕਰਨਗੇ।