ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 25 ਅਕਤੂਬਰ
ਫ਼ਰੀਦਕੋਟ ਨੇੜਲੇ ਪਿੰਡ ਟਹਿਣਾ ਵਿੱਚ ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਸਹਿਕਾਰੀ ਸਭਾ ਦੇ ਗੁਦਾਮ ਨੂੰ ਸੰਨ੍ਹ ਲਾ ਕੇ ਡੀਏਪੀ ਖਾਦ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਚਾਨਕ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਘੇਰਾ ਪਾ ਕੇ ਮੌਕੇ ’ਤੇ ਚਾਰ ਨੌਜਵਾਨਾਂ ਨੂੰ ਫੜ ਲਿਆ ਜਦੋਂਕਿ ਦੋ ਨੌਜਵਾਨ ਵਾਹਨ ਸਮੇਤ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਏ।
ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੌਕੇ ਤੋਂ ਚਾਰ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਨੇ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਇਹ ਨੌਜਵਾਨ ਡੀਏਪੀ ਖਾਦ ਚੋਰੀ ਕਰਨ ਲਈ ਸਹਿਕਾਰੀ ਸਭਾ ਦੇ ਗੁਦਾਮ ਤੋੜ ਰਹੇ ਸਨ। ਫੜੇ ਗਏ ਨੌਜਵਾਨਾਂ ਦੀ ਪਿੰਡ ਵਾਸੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਫੜੇ ਗਏ ਨੌਜਵਾਨ ਜ਼ੀਰਾ ਇਲਾਕੇ ਦੇ ਦੱਸੇ ਜਾ ਰਹੇ ਹਨ। ਇਸ ਸਮੇਂ ਮਾਲਵਾ ਵਿੱਚ ਡੀਏਪੀ ਦੀ ਵੱਡੀ ਘਾਟ ਹੈ ਜਿਸ ਕਰਕੇ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਥਾਣਾ ਸਦਰ ਫ਼ਰੀਦਕੋਟ ਦੇ ਐੱਸ.ਐੱਚ.ਓ. ਗੁਰਮੇਲ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨ ਚੋਰੀ ਕਰਨ ਆਏ ਪਿੰਡ ਵਾਸੀਆਂ ਨੇ ਉਹ ਦਬੋਚੇ ਲਏ ਸਨ ਅਤੇ ਉਹ ਹੁਣ ਪੁਲੀਸ ਦੀ ਹਿਰਾਸਤ ਵਿੱਚ ਹਨ। ਉਨ੍ਹਾਂ ਕਿਹਾ ਕਿ ਚੋਰੀ ਦਾ ਪਰਚਾ ਦਰਜ ਕਰਕੇ ਫੜੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।