ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਨਵੰਬਰ
ਡੀਏਪੀ ਖਾਦ ਲੈਣ ਲਈ ਖੱਜਲ ਖ਼ੁਆਰ ਹੋ ਰਹੇ ਕਿਸਾਨਾਂ ਨੇ ਅੱਜ ਪਿੰਡ ਭੁੱਚੋ ਕਲਾਂ ਦੀ ਸਹਿਕਾਰੀ ਸੁਸਾਇਟੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਇਕਾਈ ਦੇ ਪ੍ਰਧਾਨ ਤੇਜਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਤੇਜਾ ਸਿੰਘ, ਪਰਮੇਸ਼ਰ ਸਿੰਘ, ਮੇਜਰ ਸਿੰਘ, ਅਤੇ ਜੱਗਾ ਸਿੰਘ ਨੇ ਕਿਹਾ ਕਿ ਕਣਕ ਦੀ ਬਿਜਾਈ ਪਛੜ ਰਹੀ ਹੈ ਅਤੇ ਡੀਏਪੀ ਖਾਦ ਮਿਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਵਾਰ ਨਵੇਂ ਸਰਕਾਰੀ ਹੁਕਮਾਂ ਅਨੁਸਾਰ ਸਹਿਕਾਰੀ ਸੁਸਾਇਟੀ ਵੱਲੋਂ ਪਿਛਲੀਆਂ ਕਿਸ਼ਤਾਂ ਭਰਨ ਵਾਲਿਆਂ ਨੂੰ ਹੀ ਖਾਦ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਫ਼ਤਾ ਪਹਿਲਾਂ ਝੋਨੇ ਦੀ ਫਸਲ ਵੇਚੀ ਸੀ, ਪਰ ਹਾਲੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਫਸਲ ਦੀ ਜਲਦੀ ਅਦਾਇਗੀ ਕੀਤੀ ਜਾਵੇ ਅਤੇ ਡੀਏਪੀ ਖਾਦ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਖੇਤੀਬਾੜੀ ਅਧਿਕਾਰੀਆਂ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ
ਸਿਰਸਾ(ਨਿੱਜੀ ਪੱਤਰ ਪ੍ਰੇਰਕ): ਪਿਛਲੇ ਦਸ ਦਿਨਾਂ ਤੋਂ ਕਿਸਾਨ ਡੀਏਪੀ ਖਾਦ ਲਈ ਖਖ਼ਲ-ਖੁਆਰ ਹੋ ਰਹੇ ਹਨ। ਖਾਦ ਲਈ ਸਵੇਰੇ ਪੰਜ ਵਜੇ ਖਾਦ ਡੀਲਰਾਂ ਦੀਆਂ ਦੁਕਾਨਾਂ ਅੱਗੇ ਕਤਾਰਾਂ ’ਚ ਲੱਗ ਜਾਂਦੇ ਹਨ ਪਰ ਸ਼ਾਮ ਤੱਕ ਸਾਰੇ ਕਿਸਾਨਾਂ ਨੂੰ ਖਾਦ ਨਹੀਂ ਮਿਲਦੀ। ਅੱਕੇ ਕਿਸਾਨਾਂ ਨੇ ਅੱਜ ਜਨਤਾ ਭਵਨ ਰੋਡ ’ਤੇ ਕੁਝ ਸਮੇਂ ਲਈ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਮ ਲਾਏ ਜਾਣ ਦੀ ਸੂਚਨਾ ਮਿਲਣ ’ਤੇ ਪੁਲੀਸ ਤੇ ਖੇਤੀਬਾੜੀ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਖਾਦ ਦਿੱਤੇ ਜਾਣ ਦਾ ਭਰੋਸਾ ਦਿਵਾ ਕੇ ਜਾਮ ਖੁੱਲ੍ਹਵਾਇਆ। ਜਨਤਾ ਭਵਨ ਰੋਡ ’ਤੇ ਖਾਦ ਲੈਣ ਲਈ ਆਏ ਪਿੰਡ ਫਰਵਾਈ, ਪਨਿਹਾਰੀ, ਨੇਜਾਡੇਲਾ ਕਲਾਂ, ਬਾਜੇਕਾਂ ਦੇ ਅਨੇਕ ਕਿਸਾਨਾਂ ਨੇ ਦੱਸਿਆ ਕਿ ਕਣਕ ਬੀਜਣ ਦਾ ਹੁਣ ਸਮਾਂ ਹੈ ਪਰ ਡੀਏਪੀ ਖਾਦ ਨਾ ਮਿਲਣ ਕਾਰਨ ਉਨ੍ਹਾਂ ਨੂੰ ਡਰ ਹੈ ਕੇ ਕਣਕ ਦੀ ਬੀਜਾਈ ਪਿਛੇਤੀ ਹੋ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਦਸ ਦਿਨਾਂ ਤੋਂ ਰੋਜ਼ਾਨਾਂ ਸਵੇਰੇ ਪੰਜ ਵਜੇ ਪਿੰਡੋਂ ਆ ਕੇ ਕਤਾਰਾਂ ਵਿੱਚ ਲੱਗ ਜਾਂਦੇ ਹਨ ਪਰ ਸ਼ਾਮ ਤੱਕ ਉਨ੍ਹਾਂ ਨੂੰ ਖਾਦ ਨਹੀਂ ਮਿਲਦੀ। ਉਧਰ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਡੀਡੀਏ ਬਾਬੂ ਲਾਲ ਦਾ ਕਹਿਣਾ ਹੈ ਕਿ ਜੋ ਖਾਦ ਜ਼ਿਲ੍ਹੇ ਵਿੱਚ ਆ ਰਹੀ ਹੈ, ਉਸ ਨੂੰ ਬਰਾਬਰ ਕਿਸਾਨਾਂ ਨੂੰ ਵੰਡ ਦੇ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦਾਆਵਾ ਕੀਤਾ ਕਿ ਅਗਲੇ ਇਕ ਦੋ ਦਿਨਾਂ ’ਚ ਹੋਰ ਖਾਦ ਆ ਜਾਵੇਗੀ। ਕਿਸਾਨਾਂ ਨੂੰ ਖਾਦ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ।
ਰੋਸ ਪ੍ਰਦਰਸ਼ਨ ਮਗਰੋਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ
ਏਲਨਾਬਾਦ (ਪੱਤਰ ਪ੍ਰੇਰਕ): ਡੀਏਪੀ ਖਾਦ ਦੀ ਕਿੱਲਤ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਸ਼ਹਿਰ ਦੇ ਪੰਜਮੁਖੀ ਚੌਕ ਵਿੱਚ ਧਰਨਾ ਲਗਾ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਨੇਤਾਵਾਂ ਸੁਰਜੀਤ ਸਿੰਘ, ਸੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਪਰ ਕਿਸਾਨ ਡੀਏਪੀ ਖਾਦ ਲੈਣ ਲਈ ਪੂਰੇ ਹਰਿਆਣਾ ਵਿੱਚ ਕਤਾਰਾਂ ਵਿੱਚ ਲੱਗੇ ਹੋਏ ਹਨ। ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਵੀ ਹੱਲ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਨੇ ਕਿਹਾ ਕਿ ਜੇ ਜਲਦੀ ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਜਲਦੀ ਸ਼ੁਰੂ ਕੀਤਾ ਜਾਵੇਗਾ। ਬਾਅਦ ਵਿੱਚ ਕਿਸਾਨਾਂ ਨੇ ਤਹਿਸੀਲ ਕੰਪਲੈਕਸ ਵਿੱਚ ਪਹੁੰਚ ਕੇ ਇਸ ਸਮੱਸਿਆ ਦੇ ਹੱਲ ਲਈ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ।