ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਨਵੰਬਰ
ਇਥੇ ਅੱਜ ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਮਰਜੀਤ ਸਿੰਘ ਲੰਢੇੇਕੇ ਤੇ ਹੋਰ ਆਗੂਆਂ ਨੇ ਡੀਏਪੀ ਖਾਦ ਦੀ ਘਾਟ ਦੇ ਰੋਸ ਵਿੱਚ ਰਾਜ ਸਰਕਾਰ ਦਾ ਪੁਤਲਾ ਸਾੜਿਆ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਕਰੀਬ 1.50 ਲੱਖ ਮੀਟ੍ਰਿਕ ਟਨ ਖਾਦ ਦੀ ਘਾਟ ਪਾਈ ਜਾ ਰਹੀ ਹੈ। ਖਾਦ ਦੀ ਘਾਟ ਕਾਰਨ ਸੂਬੇ ਅਤੇ ਕਿਸਾਨਾਂ ਦੀ ਆਰਥਿਕਤਾ ’ਤੇ ਬਹੁਤ ਹੀ ਮਾੜਾ ਅਸਰ ਪਵੇਗਾ। ਉਨ੍ਹਾਂ ਡੀਏਪੀ ਖਾਦ ਦੀ ਅਣਕਿਆਸੀ ਘਾਟ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਖਾਦ ਦੀ ਸਪਲਾਈ ਵਿੱਚ ਦੇਰੀ ਕੀਤੀ ਹੈ। ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਅਨੁਸਾਰ ਖਾਦ ਦਾ ਪ੍ਰਬੰਧ ਕਰਨ ਵਿੱਚ ਨਾਕਾਮ ਹੋਈ ਹੈ। ਚੰਨੀ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਸੀ ਲੜਾਈ ਦੇ ਚੱਲਦਿਆਂ ਲੋਕ ਮੁੱਦਿਆਂ ਅਤੇ ਕਿਸਾਨੀ ਲੋੜਾਂ ਪੂਰੀਆਂ ਕਰਨ ਵਿੱਚ ਲਗਾਤਾਰ ਨਿਕੰਮੀ ਸਾਬਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਸੂਬੇ ਵਿੱਚ ਡੀਏਪੀ ਖਾਦ ਦਾ ਪ੍ਰਬੰਧ ਕਰੇ ਤਾਂ ਜੋ ਸੂਬੇ ਦੇ ਕਿਸਾਨ ਹਾੜ੍ਹੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰ ਸਕਣ।
ਫਾਜ਼ਿਲਕਾ (ਪਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ’ਤੇ ਅੱਜ ਅਕਾਲੀ ਦਲ ਦੇ ਆਗੂ ਹੰਸ ਰਾਜ ਜੋਸਨ ਦੀ ਅਗਵਾਈ ’ਚ ਡੀਏਪੀ ਖਾਦ ਨਾ ਮਿਲਣ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਅਕਾਲੀ ਆਗੂ ਹੰਸ ਰਾਜ ਜੋਸਨ, ਡਾ. ਮਹਿੰਦਰ ਕੁਮਾਰ ਰਿਣਵਾ, ਸਤਿੰਦਰਜੀਤ ਸਿੰਘ ਮੰਟਾ (ਓਐੱਸਡੀ ਸੁਖਬੀਰ ਸਿੰਘ ਬਾਦਲ) ਨੇ ਕਿਹਾ ਕਿ ਪੰਜਾਬ ਸਰਕਾਰ ਹਾੜ੍ਹੀ ਦੀ ਬਿਜਾਈ ਨੂੰ ਲੈ ਕੇ ਅਗਾਊਂ ਪ੍ਰਬੰਧ ਕਰਨ ’ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ ਅਤੇ ਅੱਜ ਸੂਬੇ ਦਾ ਕਿਸਾਨ ਆਪਣੀ ਫ਼ਸਲ ਬੀਜਣ ਲਈ ਡੀਏਪੀ ਖਾਦ ਲਈ ਠੋਕਰਾਂ ਖਾਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ।
ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਡੀਏਪੀ ਦੀ ਘਾਟ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਜਿੰਦਰ ਸਿੰਘ ਮਿੱਡੂਖੇੜਾ ਮੀਤ ਪ੍ਰਧਾਨ ਅਕਾਲੀ ਦਲ, ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਅਵਤਾਰ ਸਿੰਘ ਵਣਵਾਲਾ ਓਐੱਸਡੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਸਥਾਨਕ ਬਠਿੰਡਾ ਰੋਡ ਸਥਿਤ ਗੁਰਦੁਆਰਾ ਤਰਨਤਾਰਨ ਸਾਹਿਬ ਵਿੱਚ ਇਕੱਠ ਕੀਤਾ ਗਿਆ। ਹਲਕਾ ਇੰਚਾਰਜ਼ ਗਿੱਦੜਬਾਹਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਸਵੇਰੇ 4 ਵਜੇ ਤੋਂ ਦੁਕਾਨਾਂ ਦੇ ਬਾਹਰ ਕਤਾਰਾਂ ’ਚ ਖੜ੍ਹਨਾ ਪੈ ਰਿਹਾ ਹੈ। ਕਣਕ ਦੀ ਬਿਜਾਈ ਦਾ ਸੀਜ਼ਨ 1 ਨਵੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ ਜਦਕਿ ਸਪਲਾਈ ਮੰਗ ਦੇ ਅਨੁਸਾਰ ਖਾਦ ਕਾਫੀ ਘੱਟ ਮਾਤਰਾ ’ਚ ਆ ਰਹੀ ਹੈ। ਅਵਤਾਰ ਸਿੰਘ ਵਣਵਾਲਾ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਕਿ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਵੇਰ ਤੋਂ ਸ਼ਾਮ ਤੱਕ ਖੱਜਲ ਖੁਆਰ ਹੋ ਕੇ ਬਿਨਾਂ ਡੀਏਪੀ ਖਾਦ ਲਏ ਕਿਸਾਨ ਘਰਾਂ ਨੂੰ ਮੁੜ ਜਾਂਦੇ ਹਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਿੰਦਰ ਗੋਨਿਆਣਾ ਸਿਆਸੀ ਸਕੱਤਰ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਨਿਭਾਈ।
ਕਿਸਾਨਾਂ ਨੇ ਸਿਰਸਾ-ਬਰਨਾਲਾ ਰੋਡ ਕੀਤਾ ਜਾਮ
ਸਿਰਸਾ (ਪ੍ਰਭੂ ਦਿਆਲ): ਡੀਏਪੀ ਖਾਦ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਸਿਰਸਾ-ਬਰਨਾਲਾ ਰੋਡ ’ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਡ ਜਾਮ ਕੀਤੇ ਜਾਣ ਕਾਰਨ ਵਾਹਨਾਂ ਨੂੰ ਬਦਲਵੇਂ ਰਾਹਾਂ ਤੋਂ ਜਾਣਾ ਪਿਆ। ਬਾਅਦ ਵਿੱਚ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਚਿਤਾਵਨੀ ਦਿੱਤੀ ਕਿ ਜੇ ਅੱਗਲੇ ਇਕ-ਦੋ ਦਿਨਾਂ ਵਿੱਚ ਖਾਦ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਮਿੰਨੀ ਸਕੱਤਰੇਤ ਦਾ ਘਿਰਾਓ ਕਰਨਗੇ। ਕਿਸਾਨ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕੇ ਮੋਰਚੇ ਵਾਲੀ ਥਾਂ ਇਕੱਠੇ ਹੋਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਿਰਸਾ- ਬਰਨਾਲਾ ਰੋਡ ’ਤੇ ਜਾਮ ਲਾ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਲ ਫੀਤਾਸ਼ਾਹੀ ਕਾਰਨ ਡੀਏਪੀ ਖਾਦ ਦੀ ਕਿੱਲਤ ਬਣੀ ਹੋਈ ਹੈ।