ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਪਰੈਲ
ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ‘ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਹੈ। ਇਸ ਸਬੰਧੀ ਬੀਤੀ 23 ਮਾਰਚ ਨੂੰ ਬਣਾਈ 11 ਮੈਂਬਰੀ ਕਮੇਟੀ ਨੂੰ ਦਰਕਿਨਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ‘ਆਪ’ ਆਗੂ ਤੇ ਸਰਪੰਚ ਪ੍ਰਤੀਨਿਧੀ ਦਰਸ਼ਨ ਵੜਿੰਗਖੇੜਾ ਨੂੰ ਟਰੱਕ ਯੂਨੀਅਨ (ਦਿ ਟਰੱਕ ਅਪਰੇਟਰ ਵੈੱਲਫੇਅਰ ਸੁਸਾਇਟੀ) ਦਾ ਪ੍ਰਧਾਨ ਥਾਪ ਦਿੱਤਾ ਹੈ। ਨਵੇਂ ਪ੍ਰਧਾਨ ਦੀ ਤਾਜਪੋਸ਼ੀ ਲਈ ਅੱਜ ਵਿਧਾਇਕ ਗੁਰਮੀਤ ਖੁੱਡੀਆਂ ਦੇ ਖਾਸ ਯੂਥ ਆਗੂ ਟੋਜੀ ਲੰਬੀ ਅਤੇ ਚੇਅਰਮੈਨ ਹਰਪ੍ਰੀਤ ਕਰਮਗੜ੍ਹ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਪੰਚ ਸਰਪੰਚ, ਸਰਪੰਚ ਪ੍ਰਤੀਨਿਧੀ ਅਤੇ ਆਗੂ, ਟਰੱਕ ਯੂਨੀਅਨ ਵਿੱਚ ਪੁੱਜੇ। ਇਸ ਦੌਰਾਨ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਤੇ ਪਹਿਲਾਂ ਵਾਲੀ 11 ਮੈਂਬਰੀ ਕਮੇਟੀ ਵਿੱਚੋਂ ਸਿਰਫ਼ ਦੋ ਮੈਂਬਰ ਹੀ ਲਏ ਗਏ। ਨਵੀਂ ਸੰਚਾਲਨ ਕਮੇਟੀ ‘ਚ ਜਗਤਾਰ ਪਥਰਾਲਾ, ਸੁਰੇਸ਼ ਜਿੰਦਲ, ਜੀਵਨ ਬਾਂਸਲ, ਜਗਜੀਵਨ ਜਿੰਦਲ ਅਤੇ ਕੁਲਦੀਪ ਸਾਂਵਤਖੇੜਾ ਸ਼ਾਮਲ ਹਨ। ਦੂਜੇ ਪਾਸੇ ਯੂਨੀਅਨ ਦੀ 11 ਮੈਂਬਰੀ ਕਮੇਟੀ ਦੇ ਟਰਾਂਸਪੋਰਟਰ ਮੈਂਬਰਾਂ ਨੇ ਇਸ ਨੂੰ ਖੁੱਲ੍ਹੇਆਮ ਸਿਆਸੀ ਧੱਕੇਸ਼ਾਹੀ ਦੱਸ ਦੇ ਹੋਏ ਟਰੱਕ ਵੇਚ ਕੇ ਘਰ ਬੈਠਣ ਦੀ ਚਿਤਾਵਨੀ ਦਿੱਤੀ ਹੈ। ਟਰਾਂਸਪੋਰਟਰ ਜਰਨੈਲ ਸਿੰਘ ਡੱਫ਼ੂ ਨੇ ਕਿਹਾ ਕਿ 23 ਮਾਰਚ ਨੂੰ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੀ ਸਹਿਮਤੀ ਨਾਲ ਟਰਾਂਸਪੋਰਟਰਾਂ ਦੀ 11 ਮੈਂਬਰੀ ਕਮੇਟੀ ਬਣਾਈ ਸੀ, ਜਿਸ ਨੂੰ ਅੱਜ ‘ਆਪ’ ਆਗੂਆਂ ਨੇ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਥਾਪੇ ਪ੍ਰਧਾਨ ਦਾ ਟਰਾਂਸਪੋਰਟ ਕਿੱਤੇ ਨਾਲ ਕੋਈ ਸਬੰਧ ਨਹੀਂ ਹੈ।
ਮੈਨੂੰ ਅਪਰੇਟਰਾਂ ਨੇ ਪ੍ਰਧਾਨ ਚੁਣਿਆ: ਦਰਸ਼ਨ ਵੜਿੰਗਖੇੜਾ
ਨਵੇਂ ਪ੍ਰਧਾਨ ਦਰਸ਼ਨ ਸਿੰਘ ਵੜਿੰਗਖੇੜਾ ਨੇ ਕਿਹਾ ਕਿ ਉਨ੍ਹਾਂ ਨੂੰ ਅਪਰੇਟਰਾਂ ਨੇ ਪ੍ਰਧਾਨ ਚੁਣਿਆ ਹੈ। ਧੱਕੇ ਦੇ ਦੋਸ਼ ਝੂਠੇ ਹਨ। ਉਹ ਅਪਰੇਟਰਾਂ ਦੇ ਹਿੱਤ ‘ਚ ਕੰਮ ਕਰਨਗੇ ਅਤੇ ਗੁੰਡਾ ਪਰਚੀ ਨਹੀਂ ਚੱਲਣ ਦਿੱਤੀ ਜਾਵੇਗੀ।
ਟਰੱਕਾਂ ਵਾਲਿਆਂ ਨੇ ਕਮੇਟੀ ਖੁਦ ਬਣਾਈ: ਖੁੱਡੀਆਂ
ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਟਰੱਕਾਂ ਵਾਲਿਆਂ ਨੇ ਆਪਣੀ ਕਮੇਟੀ ਖੁਦ ਬਣਾਈ ਹੈ। ਉਨ੍ਹਾਂ ਦਾ ਨਾ ਆਉਣ ਹੈ ਅਤੇ ਨਾ ਜਾਣ ਹੈ। ਚੁਣੇ ਅਹੁਦੇਦਾਰ ਆਪਣੀ ਜ਼ਿੰਮੇਵਾਰੀਆਂ ਖੁਦ ਨਿਭਾਉਣਗੇ।