ਜੋਗਿੰਦਰ ਸਿੰਘ ਮਾਨ
ਮਾਨਸਾ, 31 ਜੁਲਾਈ
ਡੀਏਵੀ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਪਟਿਆਲਾ ਵਿੱਚ ਹੋਏ ਡੀਏਵੀ ਅਤੇ ਕਲੱਸਟਰ ਪੱਧਰੀ ਖੇਡ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਅੰਡਰ-17 ਅਤੇ ਅੰਡਰ-14 ਖੋ-ਖੋ ਅਤੇ ਅੰਡਰ-14 (ਮੁੰਡੇ) ਦੇ ਕਬੱਡੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-14 ਅਤੇ ਅੰਡਰ-17 ਸ਼ਤਰੰਜ ਮੁਕਾਬਲੇ ਵਿੱਚ ਪਹਿਲਾ ਸਥਾਨ, ਉੱਥੇ ਹੀ ਲੜਕੀਆਂ ਦੇ ਅੰਡਰ-14 ਸ਼ਤਰੰਜ ਮੁਕਾਬਲੇ ਵਿੱਚ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-17 ਟੇਬਲ ਟੈਨਿਸ ਮੁਕਾਬਲੇ ਵਿੱਚ ਪਹਿਲਾ, ਅੰਡਰ-14 ਲੜਕਿਆਂ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਦੂਜਾ ਅਤੇ ਲੜਕਿਆਂ ਦੇ ਅੰਡਰ-17 ਬੈਡਮਿੰਟਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਕਾਲਜ ਨੇ ਕੁੱਲ 52 ਤਗ਼ਮੇ ਹਾਸਲ ਕੀਤੇ। ਇਨ੍ਹਾਂ ਵਿੱਚੋਂ 32 ਸੋਨੇ ਦੇ ਅਤੇ 20 ਚਾਂਦੀ ਦੇ ਸਨ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਦੇ ਵੱਖ-ਵੱਖ ਦੌੜ ਮੁਕਾਬਲਿਆਂ ਵਿੱਚ ਦੋ ਸੋਨ ਤਗ਼ਮੇ ਅਤੇ ਸੱਤ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੱਠ ਸੋਨ ਤਗ਼ਮੇ ਅਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਅੰਡਰ-17 ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਛੇ ਸੋਨ ਅਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਅੰਡਰ-14 ਲੜਕਿਆਂ ਦੇ ਵੱਖ ਵੱਖ ਮੁਕਾਬਲਿਆਂ ’ਚ ਨੌਂ ਸੋਨ ਅਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸੱਤ ਸੋਨ ਤਗ਼ਮੇ ਅਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ ਗਏ। ਇਸ ਤੋਂ ਇਲਾਵਾ ਡੀਏਵੀ ਸਕੂਲ ਮਾਨਸਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਖੁਸ਼ਬੂ ਨੂੰ ਅੰਡਰ-14 ਵਰਗ ’ਚ ਬਿਹਤਰੀਨ ਅਥਲੀਟ ਐਲਾਨਿਆ ਗਿਆ।