ਪਰਮਜੀਤ ਸਿੰਘ
ਫਾਜ਼ਿਲਕਾ, 20 ਸਤੰਬਰ
ਜ਼ਿਲ੍ਹੇ ਦੇ ਥਾਣਾ ਵੈਰੋਕਾ ਅਧੀਨ ਪੈਂਦੇ ਪਿੰਡ ਢਾਬ ਖੁਸ਼ਹਾਲ ਜੋਈਆ ਦੇ ਇੱਕ ਅੰਗਹੀਣ ਨੌਜਵਾਨ ਦੀ ਨਾਲ ਲੱਗਦੇ ਪਿੰਡ ਚੱਕ ਬਲੋਚਾ (ਮਹਾਲਮ) ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਨੌਜਵਾਨ ਦੀ ਦੇਹ ’ਤੇ ਤੇ ਸੱਟਾਂ ਦੇ ਕਾਫੀ ਨਿਸ਼ਾਨ ਹਨ ਅਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੌਜਵਾਨ ਬਲਵੀਰ ਸਿੰਘ ਨੂੰ ਕਿਸੇ ਵਿਅਕਤੀ ਨੇ ਕੁੱਟਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਵੈਰੋਕਾ ਦੇ ਐੱਸਐੱਚਓ ਪਰਮਜੀਤ ਕੁਮਾਰ ਨੇ ਨੌਜਵਾਨ ਦੇ ਘਰ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਡੂੰਘਾਈ ਨਾਲ ਕੀਤੀ ਜਾਵੇਗੀ।
ਬਲਵੀਰ ਸਿੰਘ ਦੀ ਭੈਣ ਵੀਨਾ ਰਾਣੀ ਪੁੱਤਰੀ ਹਰਬੰਸ ਨੇ ਦੱਸਿਆ ਕਿ ਉਸ ਦਾ ਭਰਾ ਬਾਂਹ ਕੱਟੀ ਹੋਈ ਹੋਣ ਕਾਰਨ ਅੰਗਹੀਣ ਹੈ ਅਤੇ ਸ਼ਨਿਚਰਵਾਰ ਦੀ ਸਵੇਰ ਨਾਲ ਲੱਗਦੇ ਪਿੰਡ ਚੱਕ ਬਲੋਚਾ ਮਹਾਲਮ ਵਿੱਚ ਕਿਸੇ ਕੰਮ ਲਈ ਗਿਆ ਸੀ ਅਤੇ ਦੇਰ ਸ਼ਾਮ ਉਨ੍ਹਾਂ ਦੇ ਘਰ ਦੋ ਨੌਜਵਾਨਾਂ ਨੇ ਆ ਕੇ ਦੱਸਿਆ ਕਿ ਬਲਵੀਰ ਸਿੰਘ ਦੀ ਮਹਾਲਮ ਪਿੰਡ ਦੇ ਚੱਕ ਰਸਤੇ ’ਤੇ ਮੌਤ ਹੋ ਚੁੱਕੀ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵੀਰ ਸਿੰਘ ਕੁਆਰਾ ਸੀ ਅਤੇ ਅੰਗਹੀਣ ਹੋਣ ਕਾਰਨ ਵੀ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ।