ਇਕਬਾਲ ਸ਼ਾਂਤ
ਲੰਬੀ, 24 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਕਰਜ਼ਾ ਮੁਆਫ਼ੀ ਲਈ ਭਲਕੇ 25 ਅਗਸਤ ਨੂੰ ਵਿੱਤ ਮੰਤਰੀ ਮਨਪ੍ਰ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਰਿਹਾਇਸ਼ ਅੱਗੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕਰੇਗੀ। ਯੂਨੀਅਨ ਨੇ ਕੈਪਟਨ ਸਰਕਾਰ ਵੱਲੋਂ ਕਰੋਨਾ ਦੀ ਓਟ ’ਚ ਜਨਤਕ ਇਕੱਠਾਂ ’ਤੇ ਲਾਈਆਂ ਪਾਬੰਦੀਆਂ ਦੇ ਫ਼ੈਸਲੇ ਨੂੰ ਜਮਹੂਰੀ ਹੱਕਾਂ ਦਾ ਘਾਣ ਦੱਸਦਿਆਂ ਹਰ ਹਾਲਤ ’ਚ ਵਿੱਤ ਮੰਤਰੀ ਦੇ ਘਰ ਅੱਗੇ ਮੁਜ਼ਾਹਰੇ ਦੀ ਵਚਨਬੱਧਤਾ ਦੁਹਰਾਈ ਹੈ। ਭਲਕੇ 25 ਅਗਸਤ ਨੂੰ ਪੰਜਾਬ ਭਰ ਵਿੱਚ ਸੂਬਾਈ ਸੱਦੇ ’ਤੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇ ਕੇ ਮਾਈਕ੍ਰੋ ਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਸਮੁੱਚੇ ਬਿੱਲ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧੀ ਐਲਾਨ ਪਿੰਡ ਕਿੱਲਿਆਂਵਾਲੀ ਅਤੇ ਸਿੰਘੇਵਾਲਾ ਵਿੱਚ ਔਰਤਾਂ ਅਤੇ ਨੌਜਵਾਨਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਕਰੋਨਾ ਨਾਲ ਨਜਿੱਠਣ ਲਈ ਸਿਹਤ ਸੇਵਾਵਾਂ ’ਚ ਸੁਧਾਰ ਕਰਨ ਦੀ ਥਾਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ਾਂ ਦੇ ਰਾਹ ਪਏ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ‘ਤੇ ਉਤਰ ਆਈ ਹੈ। ਇਸ ਮੌਕੇ 20 ਅਗਸਤ ਨੂੰ ਲੰਬੀ ਥਾਣੇ ਅੱਗੇ ਧਰਨਾ ਦੇਣ ਵਾਲੇ ਖੇਤ ਮਜ਼ਦੂਰਾਂ, ਕਿਸਾਨਾਂ, ਆਰਐੱਮਪੀ ਡਾਕਟਰਾਂ ਅਤੇ ਬਿਜਲੀ ਮੁਲਾਜ਼ਮ ਆਗੂਆਂ, ਕਾਲਾ ਸਿੰਘ, ਹਰਿੰਦਰ ਕੌਰ ਬਿੰਦੂ, ਗੁਰਪਾਸ਼ ਸਿੰਘ, ਦਲਜੀਤ ਸਿੰਘ ਮਿੱਠੜੀ, ਡਾ. ਮਨਜਿੰਦਰ ਸਿੰਘ ਸਰਾਂ, ਸੱਤਪਾਲ ਬਾਦਲ ਸਮੇਤ ਦਰਜਨਾਂ ਲੋਕਾਂ ‘ਤੇ ਕੇਸ ਦਰਜ ਕਰਨ ਦੀ ਨਿਖੇਧੀ ਦਾ ਮਤਾ ਪਾਸ ਕਰ ਕੇ ਜਨਤਕ ਆਗੂਆਂ ‘ਤੇ ਦਰਜ ਕੇਸ ਰੱਦ ਕਰਨ ਅਤੇ ਸਮੂਹਿਕ ਜਬਰ-ਜਨਾਹ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।