ਜਸਵੰਤ ਜੱਸ
ਫਰੀਦਕੋਟ, 2 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਅਵਾਮੀ ਜਥੇਬੰਦੀਆਂ ਦੇ ਸਹਿਯੋਗ ਨਾਲ ਨੇੜਲੇ ਪਿੰਡ ਭਾਣਾ ਵਿੱਚ ਪ੍ਰਭਾਵਸ਼ਾਲੀ ਜਨਤਕ ਮੀਟਿੰਗ ਕੀਤੀ ਗਈ ਜਿਸ ਵਿੱਚ ਖੇਤ ਮਜ਼ਦੂਰ, ਨਰੇਗਾ ਵਰਕਰ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਾਮਰੇਡ ਗੁਰਨਾਮ ਸਿੰਘ ਮਾਨੀਵਾਲਾ ਨੇ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ 1925 ਵਿੱਚ ਸਥਾਪਨਾ ਤੋਂ ਲੈ ਕੇ ਲਗਾਤਾਰ ਕਿਰਤੀ ਵਰਗ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਇਸਤਰੀਆਂ ਦੇ ਹੱਕਾਂ ਖਾਤਰ ਸੰਘਰਸ਼ ਕਰਦੀ ਆਈ ਹੈ ਜਿਸ ਕਾਰਨ ਨਰੇਗਾ ਸਮੇਤ ਅਨੇਕ ਲੋਕ ਪੱਖੀ ਕਾਨੂੰਨ ਬਣਵਾਉਣ ਵਿੱਚ ਸਫਲਤਾ ਮਿਲੀ ਹੈ। ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੀਹਾਂ ’ਤੇ ਚੱਲਦਿਆਂ ਪੰਜਾਬ ਦੀ ਮਾਨ ਸਰਕਾਰ ਵੀ ਮੁਲਾਜ਼ਮਾਂ-ਮਜ਼ਦੂਰਾਂ ਅਤੇ ਕਿਸਾਨਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ, ਜਿਸ ਕਾਰਨ ਵਿਧਾਨ ਸਭਾ ਦੇ ਮੌਜੂਦਾ ਇਜਲਾਸ ਦੌਰਾਨ ਹਰ ਵਰਗ ਵਹੀਰਾਂ ਘੱਤ ਕੇ ਚੰਡੀਗੜ ਧਰਨੇ ਮੁਜ਼ਾਹਰੇ ਕਰਨ ਜਾਣ ਲਈ ਮਜਬੂਰ ਹੋ ਗਿਆ ਹੈ। ਮਾਸਟਰ ਗੁਰਚਰਨ ਸਿੰਘ ਮਾਨ ਨੇ ਮਿਹਨਤਕਸ਼ ਤਬਕੇ ਨੂੰ ਅਪੀਲ ਕੀਤੀ ਕਿ ਆਉਂਦੀਆਂ ਪੰਚਾਇਤ ਚੋਣਾਂ ਵਿੱਚ ਇਮਾਨਦਾਰ ਪੰਚ-ਸਰਪੰਚ ਜਿਤਾਇਆ ਜਾਵੇ। ਪੰਜਾਬ ਇਸਤਰੀ ਸਭਾ ਵੱਲੋਂ ਬੀਬੀ ਬਲਵਿੰਦਰ ਕੌਰ, ਕਾਮਰੇਡ ਜਗਤਾਰ ਭਾਣਾ, ਮੁਖ਼ਤਿਆਰ ਸਿੰਘ, ਸੁੰਦਰ ਸਿੰਘ ਅਤੇ ਜੈ ਸਿੰਘ ਮੰਗ ਕੀਤੀ ਕਿ ਬੇਘਰਿਆਂ ਲਈ ਸ਼ਾਮਲਾਟ ਜਮੀਨਾ ਵਿੱਚੋਂ ਪਲਾਟ ਅਲਾਟ ਕੀਤੇ ਜਾਣ, ਮਕਾਨ ਬਨਾਉਣ ਲਈ ਗਰਾਂਟ ਦਿੱਤੀ ਜਾਵੇ, ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਕੀਤੇ ਜਾਣ, ਰਾਸ਼ਨ ਕਾਰਡ ਬਣਾਏ ਜਾਣ ਅਤੇ ਨਰੇਗਾ ਦਿਹਾੜੀ 700 ਰੁਪਏ ਕੀਤੀ ਜਾਵੇ।