ਨਿਰੰਜਣ ਬੋਹਾ
ਬੋਹਾ, 12 ਜੂਨ
ਨੇੜਲੇ ਪਿੰਡ ਅੱਕਾਂਵਾਲੀ ਵਿੱਚ ਬੀਤੀ 5 ਮਈ ਨੂੰ ਰਾਜਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਦਰਸਾਈ ਮੌਤ ਨੂੰ ਕਤਲ ਕਰਾਰ ਦੇ ਕੇ ਮ੍ਰਿਤਕ ਰਾਜਵਿੰਦਰ ਕੌਰ ਦੇ ਪਿਤਾ ਹਰਨੇਕ ਸਿੰਘ ਵਾਸੀ ਅਲੀਕਾ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਬੋਹਾ ਥਾਣਾ ਵਿੱਚ ਪਹੁੰਚ ਕੇ ਸ਼ਿਕਾਇਤ ਲਿਖਵਾਈ ਕਿ ਉਸ ਦੀ ਧੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਹਰਨੇਕ ਸਿੰਘ ਨੇ ਕਿਹਾ ਕਿ ਉਸ ਦੀ ਲੜਕੀ ਦਾ ਵਿਆਹ 2011 ਵਿੱਚ ਗੁਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅੱਕਾਂ ਵਾਲੀ ਨਾਲ ਹੋਇਆ ਸੀ। ਗੁਰਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਲੜਕੀ ਨੂੰ ਪੈਸਿਆਂ ਲਈ ਪ੍ਰੇਸ਼ਾਨ ਕਰਦਾ ਸੀ। ਸ਼ਿਕਾਇਤ ਕਰਤਾ ਨੇ ਆਪਣੀ ਧੀ ਦੇ ਵਿਆਹ ’ਤੇ 11 ਲੱਖ ਰੁਪਏ ਖਰਚ ਕੀਤੇ ਸਨ ਤੇ ਗੁਰਵਿੰਦਰ ਸਿੰਘ ਨੂੰ ਨਵਾਂ ਮਕਾਨ ਬਣਾਉਣ ਲਈ ਆਪਣਾ ਟਰੈਕਟਰ ਵੇਚ ਕੇ ਇੱਕ ਲੱਖ ਰੁਪਏ ਫੇਰ ਦਿੱਤੇ ਸਨ। 5 ਮਈ 2020 ਨੂੰ ਉਸ ਨੂੰ ਆਪਣੇ ਜੁਆਈ ਦਾ ਫੋਨ ਆਇਆ ਕਿ ਰਾਜਵਿੰਦਰ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦਾ ਜੁਆਈ ਰਾਜਵਿੰਦਰ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਥਾਣਾ ਮੁਖੀ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਾਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।