ਨਿੱਜੀ ਪੱਤਰ ਪ੍ਰੇਰਕ
ਰਾਮੁਪਰਾ ਫੂਲ, 20 ਨਵੰਬਰ
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਆਪਣਾ ਪਲੇਠਾ ਸਾਂਝਾ ਕਾਵਿ ਸੰਗ੍ਰਹਿ ‘ਇਸ਼ਕ ਮਿਜਾਜੀ ਤੋਂ ਇਸ਼ਕ ਹਕੀਕੀ ਵੱਲ’ ਲੋਕ ਅਰਪਣ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਦੇ ਮੁੱਖ ਸੰਪਾਦਕ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਗੁਰਵੇਲ ਕੋਹਾਲਵੀ ਅਤੇ ਸਹਿ ਸੰਪਾਦਕ ਇੰਦਰਬੀਰ ਸਰਾਂ ਅਤੇ ਜਸਵਿੰਦਰ ਕੌਰ ਹਨ। ਕਾਵਿ ਸੰਗ੍ਰਹਿ ਵਿੱਚ ਸ਼ਾਮਲ ਦੇਸ਼ ਵਿਦੇਸ਼ ਦੇ 40 ਕਵੀਆਂ ਦੀਆਂ ਰਚਨਾਵਾਂ ਹਨ। ਰਚਨਾਵਾਂ ਦੇ ਵਿਸ਼ਿਆਂ ਵਿੱਚ ਬੜੀ ਵੰਨ ਸੁਵੰਨਤਾ ਹੈ। ਪਿਆਰ, ਮੁਹੱਬਤ, ਇਸ਼ਕ, ਰਾਜਨੀਤਕ, ਆਰਥਿਕ, ਸਭਿਆਚਾਰ ਗੱਲ ਕੀ ਜੀਵਨ ਦੇ ਹਰ ਖੇਤਰ ਨੂੰ ਛੂੰਹਦੀਆਂ ਦਿਲ ਟੁੰਬਦੀਆਂ ਕਵਿਤਾਵਾਂ ਦੀ ਜੜਤ ਹੈ ਇਹ ਪੁਸਤਕ। ਇਸ ਮੌਕੇ ਗੁਰਵੇਲ ਕੋਹਾਲਵੀ ਨੇ ਕਿਹਾ ਮੈਂ ਪੁਸਤਕ ਵਿੱਚ ਸ਼ਾਮਲ ਕਵੀਆਂ ਅਤੇ ਉਨ੍ਹਾਂ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਰਹਿਨੁਮਾਈ ਤੇ ਮਾਰਗ ਦਰਸ਼ਨ ਦੀ ਬਦੌਲਤ, ਮੈਨੂੰ ਪੰਜਾਬੀ ਮਾਂ ਬੋਲੀ ਦੀ ਤਿਲ ਫੁੱਲ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ। ਆਸ ਹੈ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਨੂੰ ਸਰਸ਼ਾਰ ਕਰਦੀ ਹੋਈ ਪਾਠਕਾਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗੀ।