ਖੇਤਰੀ ਪ੍ਰਤੀਨਿਧ
ਬਰਨਾਲਾ, 28 ਮਾਰਚ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਇਥੋਂ ਦੀ ਪੰਜਾਬ ਆਈਟੀਆਈ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਹਾਣੀਕਾਰਾ ਦਵਿੰਦਰ ਦੀਪ ਦਾ ਕਹਾਣੀ ਸੰਗ੍ਰਹਿ ‘ਗੁੁਲਾਬੀ ਖ਼ਤ’ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਸਿਮਰਨ ਅਕਸ ਦੇ ਕਹਾਣੀ ਸੰਗ੍ਰਹਿ ‘ਮੈਂ ਤੇ ਉਹ’ ’ਤੇ ਗੋਸ਼ਟੀ ਕਰਵਾਈ ਗਈ, ਜਿਸ ਉਪਰ ਡਾ. ਤੇਜਾ ਸਿੰਘ ਤਿਲਕ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਸਿਮਰਨ ਅਕਸ ਦੀਆਂ ਕਹਾਣੀਆਂ ਮਨੋ ਵਿਸ਼ਲੇਸ਼ਣ ਨਾਲ ਭਰੀਆਂ ਹੋਈਆਂ ਆਸ਼ਾ ਵਾਦੀ ਕਲਪਨਾ ਦੀ ਬਾਤ ਪਾਉਂਦੀਆਂ ਯਥਾਰਥਵਾਦ ਦੇ ਨੇੜੇ ਹਨ| ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਕਹਾਣੀਆਂ ਨਵੀਂ ਤਕਨੀਕ ਨਾਲ ਨਵੀਂ ਸ਼ੈਲੀ ਵਿਚ ਮੌਲਿਕ ਵਿਸ਼ੇ ਲੈ ਕੇ ਲਿਖੀਆਂ ਗਈਆਂ ਹਨ| ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕਹਾਣੀਆਂ ਸਮਕਾਲੀ ਔਰਤ ਮਰਦ ਦੇ ਕਦੀਮੀ ਅੰਤਰ ਬਾਹਰੀ ਸੰਕਟਾਂ ਦੀ ਬਾਤ ਪਾਉਂਦੀਆਂ ਹਨ | ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸਿਮਰਨ ਇੱਕ ਅਦਾਕਾਰਾ ਹੋਣ ਕਰਕੇ ਸੁੁਭਾਵਿਕ ਹੀ ਉਸ ਦੀਆਂ ਕਹਾਣੀਆਂ ਵਿੱਚ ਨਾਟਕੀ ਅੰਸ਼ ਉੱਭਰ ਕੇ ਸਾਹਮਣੇ ਆਉਂਦਾ ਹੈ| ਕਹਾਣੀ ਸੰਗ੍ਰਹਿ ਗੁੁਲਾਬੀ ਖ਼ਤ ਬਾਰੇ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਗੁੁਰੂ ਨੇ ਕਿਹਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਅਤੇ ਸੂਖਮ ਘਟਨਾਵਾਂ ਦੁੁਆਲੇ ਬੁੁਣੀਆਂ ਇਨ੍ਹਾਂ ਕਹਾਣੀਆਂ ਵਿੱਚ ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਨਾਲ ਵੇਖਿਆ ਗਿਆ ਹੈ| ਇਨ੍ਹਾਂ ਤੋਂ ਇਲਾਵਾ ਇਸ ਵਿਚਾਰ ਵਟਾਂਦਰੇ ਵਿੱਚ ਜਗਰਾਜ ਧੌਲਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਸੁੁਖਵਿੰਦਰ ਸਨੇਹ, ਰਾਮ ਸਰੂਪ ਸ਼ਰਮਾ, ਚਰਨੀ ਬੇਦਿਲ, ਰਘਵੀਰ ਸਿੰਘ ਗਿੱਲ ਕੱਟੂ ਅਤੇ ਜਗਤਾਰ ਬੈਂਸ ਨੇ ਵੀ ਭਾਗ ਲਿਆ |