ਫਰੀਦਕੋਟ: ਕਸਬਾ ਸਾਦਿਕ ਤੋਂ ਲੇਖਕ ਤੇ ਪੱਤਰਕਾਰ ਰਾਜਬੀਰ ਸਿੰਘ ਵੱਲੋਂ ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਦੇ ਜੀਵਨ ’ਤੇ ਅਧਾਰਿਤ ਪੁਸਤਕ ‘ਜੀਵਨ-ਗਾਥਾ’ ਟਿੱਲਾ ਬਾਬਾ ਫਰੀਦ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ, ਐੱਸ.ਐੱਸ.ਪੀ ਸਵਰਨਦੀਪ ਸਿੰਘ ਅਤੇ ਸੇਵਾਦਾਰ ਮਹੀਪ ਇੰਦਰ ਸਿੰਘ ਵੱਲੋਂ ਲੋਕ-ਅਰਪਣ ਕੀਤੀ ਗਈ। ਸੇਵਾਦਾਰ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਪਿਛਲੇ 7 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਇੱਕ ਚੰਗੇ ਲੇਖਕ ਵੀ ਹਨ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਖਾਲਸਾ ਜੀ ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੇ ਸਾਰੇ ਪੜਾਵਾਂ ਨਾਲ ਸਬੰਧਤ ਸਵਾਲ-ਜਵਾਬ ਹਨ। ਲੇਖਕ ਰਾਜਬੀਰ ਸਿੰਘ ਸਾਦਿਕ ਨੇ ਆਪਣੀ ਲਿਖੀ ਹੋਈ ਕਿਤਾਬ ਬਾਰੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਸਾਲ 2005 ਵਿੱਚ ਇੰਦਰਜੀਤ ਸਿੰਘ ਖਾਲਸਾ ਨੂੰ ਮਿਲੇ ਸਨ ਤਾਂ ਉਨ੍ਹਾਂ ਦੀ ਇੱਛਾ ਖਾਲਸਾ ਜੀ ਦੀ ਜੀਵਨੀ ਨਾਲ ਸਬੰਧਤ ਕੋਈ ਕਿਤਾਬ ਛਾਪਣ ਬਾਰੇ ਹੋਈ ਜਿਸ ਨੂੰ ਲੋਕ ਅਰਪਣ ਕਰਨ ਵਿੱਚ ਅੱਜ ਉਹ ਸਫਲ ਹੋਏ ਹਨ। -ਨਿੱਜੀ ਪੱਤਰ ਪ੍ਰੇਰਕ