ਜਸਵੰਤ ਜੱਸ
ਫ਼ਰੀਦਕੋਟ, 2 ਜੁਲਾਈ
ਕਹਾਣੀਕਾਰ ਅਤੇ ਨਾਟਕਕਾਰ ਗੁਰਮੀਤ ਕੜਿਆਲਵੀ ਦਾ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’ ਸਥਾਨਕ ਡਾ. ਬੀਆਰ ਅੰਬੇਦਕਰ ਭਵਨ ’ਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਲੋਕ-ਅਰਪਣ ਕੀਤਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਗੁਰਮੀਤ ਸਿੰਘ ਬਰਾੜ ਵੀ ਮੌਜੂਦ ਸਨ। ਲੇਖਕ ਦੀਆਂ ਹੁਣ ਤੱਕ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਬਾਰੇ ਸੰਖੇਪ ਸ੍ਰੀ ਬਰਾੜ ਨੇ ਦੱਸਿਆ ਕਿ ਕੜਿਆਲਵੀ ਨੇ ਹੁਣ ਤੱਕ ‘ਅੱਕ ਦਾ ਬੂਟਾ’, ਊਣੇ, ਆਤੂ ਖੋਜੀ, ਢਾਲ ਆਦਿ ਚਾਰ ਕਹਾਣੀ ਸੰਗ੍ਰਹਿ ਲਿਖੇ ਹਨ ਤੇ ‘ਹਾਰੀਂ ਨਾ ਬਚਨਿਆ’ ਉਨ੍ਹਾਂ ਦਾ ਪੰਜਵਾਂ ਸੰਗ੍ਰਹਿ ਹੈ। ਪੁਸਤਕ ਨੂੰ ਲੋਕ ਅਰਪਣ ਕਰਦਿਆਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਲੇਖਕ ਨੂੰ ਨਵੀ ਪੁਸਤਕ ਦੀ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਹ ਸਾਹਿਤ ਰਾਹੀਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦਾ ਰਹੇਗਾ।
ਬੋਹਾ, (ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ’ਚ ਇੱਕ ਛੋਟੇ ਜਿਹੇ ਪ੍ਰੋਗਰਾਮ ਵਿਚ ਸਮਾਜਿਕ ਦੂਰੀ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਦੀ ਸਾਬਕਾ ਵਿਦਿਆਰਥਣ ਅਮਨਪ੍ਰੀਤ ਕੌਰ ਸੈਣੀ ਦੀ ਬਾਲ ਕਵਿਤਾਵਾਂ ਦੀ ਪੁਸਤਕ ‘ਸਕੂਲ ਦੀਆਂ ਕੰਧਾਂ’ ਰਿਲੀਜ਼ ਕੀਤੀ ਗਈ। ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਇਸ ਪੁਸਤਕ ਵਿਚ ਸਕੂਲ, ਰੁੱਖ, ਵਾਤਾਵਰਨ, ਪਿੰਡ ਅਤੇ ਮਾਂ ਨੂੰ ਲੈ ਕੇ ਬਾਲ ਕਵਿਤਾਵਾਂ ਹਨ। ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਪਿੰਡ ਦੇ ਸਰਪੰਚ ਰਾਜਵੀਰ ਸਿੰਘ, ਸਕੂਲ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ, ਡਾ. ਭਵਾਨੀ ਸ਼ੰਕਰ ਗਰਗ, ਸਰਦੂਲ ਸਿੰਘ ਚਹਿਲ, ਨੰਬਰਦਾਰ ਜੋਬਨਪ੍ਰੀਤ ਸਿੰਘ ਨੇ ਅਦਾ ਕੀਤੀ। ਬਾਲ ਲੇਖਿਕਾ ਅਮਨਪ੍ਰੀਤ ਕੌਰ ਸੈਣੀ ਨੇ ਆਪਣੇ ਵਿਚਾਰਾਂ ਦੇ ਨਾਲ ਨਾਲ ਚੌਣਵੀਆਂ ਕਵਿਤਾਵਾਂ ਦਾ ਵੀ ਪਾਠ ਕੀਤਾ।