ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਜੂਨ
ਮੁਕਤਸਰ ਦੀ ਸ਼ਹਿਰੀ ਆਬਾਦੀ ਨੂੰ ਮੁਕਤਸਰ-ਕੋਟਕਪੂਰਾ ਬਾਈਪਾਸ ਨਾਲ ਮਿਲਾਉਣ ਵਾਲੀ ਥਾਂਦੇਵਾਲਾ ਸੜਕ ਦਾ ਕੁੱਝ ਹਿੱਸਾ ਪੰਜਾਬ ਮੰਡੀ ਬੋਰਡ ਵੱਲੋਂ ਕਰੀਬ ਛੇ ਮਹੀਨੇ ਪਹਿਲਾਂ ਮੁਕੰਮਲ ਕੀਤਾ ਗਿਆ ਹੈ ਪਰ ਬਾਕੀ ਰਹਿੰਦੀ ਸੜਕ ਵਿੱਚ ਲੱਕ-ਲੱਕ ਡੂੰਘੇ ਟੋਏ ਹੋਣ ਕਰ ਕੇ ਇਹ ਰਾਹਗੀਰਾਂ ਨੂੰ ਕਿਸੇ ਪਾਰ ਨਹੀਂ ਲਾਉਂਦੀ। ਪਹਿਲਾਂ ਤਾਂ ਇਹ ਸੜਕ ਕਰੀਬ ਦੋ ਦਹਾਕੇ ਟੁੱਟੀ ਰਹੀ। ਲੋਕ ਧਰਨੇ ਦਿੰਦੇ ਰਹੇ ਤੇ ਫਿਰ ਮੰਡੀ ਬੋਰਡ ਨੇ ਇਸ ਨੂੰ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਠੇਕੇਦਾਰ ਨੇ ਸਾਲ ਭਰ ਪੁੱਟ ਕੇ ਛੱਡ ਦਿੱਤੀ। ਉਸ ਵੇਲੇ ਠੇਕੇਦਾਰ ਦਾ ਤਰਕ ਸੀ ਕਿ ਹੁਣ ਸੀਮਿੰਟ ਮਹਿੰਗਾ ਹੈ ਜਦੋਂ ਸਸਤਾ ਹੋਇਆ ਉਦੋਂ ਬਣਾਵਾਂਗਾ।
ਲੋਕਾਂ ਨੇ ਸਾਲ ਭਰ ਸੰਤਾਪ ਭੋਗਿਆ। ਫਿਰ ਰੱਬ-ਰੱਬ ਕਰ ਕੇ ਸੜਕ ਬਣੀ ਪਰ ਇਸ ਸੜਕ ’ਤੇ ਪਾਰ ਲੱਗਣਾ ਫਿਰ ਵੀ ਲੋਕਾਂ ਦੇ ਹਿੱਸੇ ਨਹੀਂ ਆਇਆ। ਕਰੀਬ ਦੋ ਕਿਲੋਮੀਟਰ ਲੰਬੀ ਸੜਕ ਵਿੱਚੋਂ ਅੱਧੀ ਤਾਂ ਸੀਮਿੰਟ ਦੀ ਬਣਾ ਦਿੱਤੀ ਗਈ ਜਦੋਂਕਿ ਬਾਕੀ ਉਸੇ ਤਰ੍ਹਾਂ ਛੱਡ ਦਿੱਤੀ। ਜਿਹੜੀ ਸੜਕ ਸੀਮਿੰਟ ਦੀ ਬਣਾਈ ਉੱਥੋਂ ਤੱਕ ਆਬਾਦੀ ਸੰਘਣੀ ਹੋਣ ਕਰ ਕੇ ਕੌਂਸਲਰਾਂ ਨੇ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਦੌੜ-ਭੱਜ ਕੀਤੀ ਸੀ ਪਰ ਜਿੱਥੇ ਸੜਕ ਛੱਡੀ ਉੱਥੇ ਹੁਣ ਲੱਕ-ਲੱਕ ਡੂੰਘੇ ਟੋਏ ਹਨ। ਉੱਥੋਂ ਕੋਈ ਵਾਹਨ ਨਹੀਂ ਲੰਘ ਸਕਦਾ। ਸੀਵਰੇਜ ਅਤੇ ਬਾਰਿਸ਼ਾਂ ਦਾ ਪਾਣੀ ਭਰ ਕੇ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ।
ਇਹ ਸੜਕ ਮੁਕਤਸਰ ਨੂੰ ਕੋਟਕਪੂਰਾ-ਬਠਿੰਡਾ ਬਾਈਪਾਸ ਨਾਲ ਜੋੜਦੀ ਹੈ। ਲੋਕਾਂ ਦਾ ਰੋਸ ਹੈ ਕਿ 67 ਲੱਖ ਰੁਪਏ ਨਾਲ ਸੀਮਿੰਟ ਦੀ ਬਜਾਏ ਲੁੱਕ-ਬਜ਼ਰੀ ਦੀ ਮੁਕੰਮਲ ਸੜਕ ਹੀ ਬਣਾ ਦਿੰਦੇ ਤਾਂ ਵੀ ਭਲਾ ਸੀ। ਹੁਣ ਸੜਕ ਦਾ ਸੌ ਮੀਟਰ ਟੋਟਾ ਬਹੁਤ ਮਾੜੀ ਹਾਲਤ ਵਿੱਚ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨੂੰ ਮੁਕੰਮਲ ਕੀਤਾ ਜਾਵੇ।
ਇਸ ਸਬੰਧੀ ਮੰਡੀ ਬੋਰਡ ਦੇ ਜੂਨੀਅਰ ਇੰਜੀਨੀਅਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਸਲ ਵਿੱਚ ਥਾਂਦੇਵਾਲਾ ਰੋਡ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਜਾ ਕੇ ਬੰਦ ਕੀਤੀ ਹੋਈ ਹੈ ਜਿਸ ਦਾ ਅਦਾਲਤੀ ਝਗੜਾ ਚੱਲ ਰਿਹਾ ਹੈ। ਇਸ ਦਾ ਫੈਸਲਾ ਹੋਣ ’ਤੇ ਹੀ ਮੁਕਮੰਲ ਸੜਕ ਬਣਾਈ ਜਾਵੇਗੀ।