ਪੱਤਰ ਪ੍ਰੇਰਕ
ਬੋਹਾ, 25 ਅਕਤੂਬਰ
ਬੋਹਾ ਸ਼ਹਿਰ ਵਿੱਚ ਵਾਰਡਬੰਦੀ ਦੇ ਕਈ ਸਾਲਾਂ ਮਗਰੋਂ ਵੀ ਇਸ ਦੀ ਸੁਧਾਈ ਨਹੀਂ ਹੋਈ ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸ਼ਹਿਰ ਦੀਆ ਹਰੇਕ ਗਲੀ ਵਿੱਚ ਦੋ ਜਾਂ ਤਿੰਨ ਵਾਰਡਾਂ ਦੇ ਵਾਸੀ ਰਹਿੰਦੇ ਹਨ।
ਮਾਡਲ ਟਾਊਨ ਦੇ ਨਾਂ ਨਾਲ ਜਾਣੀ ਜਾਂਦੀ ਨਗਰ ਪੰਚਾਇਤ ਦੇ ਦਫਤਰ ਵਾਲੀ ਗਲੀ ਵਿੱਚ ਵਾਰਡ ਨੰਬਰ ਨੌਂ ਗਿਆਰਾਂ ਤੇ ਬਾਰਾਂ ਦੇ ਵੋਟਰਾਂ ਦੀ ਗਿਣਤੀ ਲਗਭਗ ਇਕੋ ਜਿੰਨੀ ਹੈ। ਇਸ ਵਾਰਡ ਵਿੱਚ ਪਿਛਲੇ ਕਈ ਸਾਲ ਤੋਂ ਰਹੇ ਵਸਨੀਕਾਂ ਦਾ ਵਾਰਡ ਉਹੀ ਵਿਖਾਇਆ ਗਿਆ ਹੈ, ਜਿਸ ਵਿੱਚ ਉਹ ਪਿੱਛਲੇ ਸਮੇਂ ਵਿੱਚ ਰਹਿੰਦੇ ਰਹੇ ਹਨ। ਇਹ ਵਾਰਡ ਬਣਾਉਣ ਵਾਲੇ ਉੱਥੋਂ ਦੀ ਵਸਨੀਕਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਨਹੀਂ ਸਗੋਂ ਪੁਰਾਣੀਆਂ ਵੋਟਰ ਸੂਚੀਆਂ ਮੁਤਾਬਿਕ ਹੀ ਬਣਾਏ ਗਏ ਹਨ। ਇਸ ਵਾਰਡ ਦੇ ਵਸਨੀਕ ਨਵਨੀਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲੀ ਵਿੱਚ ਰਿਹਾਇਸ਼ ਕੀਤਿਆਂ ਦਸ ਸਾਲ ਹੋ ਗਏ ਹਨ ਪਰ ਉਨ੍ਹਾਂ ਦੇ ਪਰਿਵਾਰ ਦੀਆ ਵੋਟਾਂ ਅਜੇ ਵੀ ਵਾਰਡ ਨੰਬਰ ਨੌਂ ਵਿੱਚ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਦੂਸਰੇ ਵਾਰਡ ਵਿੱਚ ਵੋਟਾਂ ਪਾਉਣ ਕਾਰਨ ਉਹ ਇਸ ਵਾਰਡ ਦੇ ਐੱਮ. ਸੀ. ਤੇ ਵਿਕਾਸ ਕਾਰਜ ਕਰਨ ਲਈ ਕੋਈ ਦਬਾਅ ਨਹੀਂ ਪਾ ਸਕਦੇ। ਗਲੀ ਦੇ ਵਸਨੀਕ ਛਿੰਦਰ ਕੁਮਾਰ ਸੇਰਖਾਂ ਨੇ ਕਿਹਾ ਕਿ ਗਲੀ ਦੇ ਦੋਹਾਂ ਪਾਸਿਆਂ ਦੀਆਂ ਵੋਟਾਂ ਅੱਡ ਅੱਡ ਵਾਰਡਾਂ ਵਿਚ ਹੋਣ ਕਾਰਨ ਇਸ ਇਸ ਗਲੀ ਦੇ ਵਿਕਾਸ ਦੀ ਜ਼ਿੰਮੇਵਾਰੀ ਵੰਡੀ ਜਾਂਦੀ ਹੈ ਤੇ ਚੁਣੇ ਹੋਏ ਪ੍ਰਤੀਨਿੱਧ ਇਹ ਜ਼ਿੰਮੇਵਾਰੀ ਇਕ ਦੂਸਰੇ ਤੇ ਸੁੱਟ ਦੇਂਦੇ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਨਗਰ ਪੰਚਾਇਤ ਦੀਆਂ ਵੋਟਾਂ ਤੋਂ ਪਹਿਲਾਂ ਇਹ ਵਾਰਡ ਬੰਦੀ ਦੀਆਂ ਇਕ ਖਾਮੀਆਂ ਦੂਰ ਕੀਤੀਆਂ ਜਾਣ।