ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 13 ਅਗਸਤ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਚੌਥਾ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ। ਸਮਾਰੋਹ ਦੇ ਮੁੱਖ ਮਹਿਮਾਨ ਵੀ.ਪੀ. ਸਿੰਘ ਬਦਨੌਰ ਰਾਜਪਾਲ ਪੰਜਾਬ ਸਨ। ਉਨ੍ਹਾਂ ਨੇੇ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਪੀ.ਐੱਚ.ਡੀ ਕੋਰਸ ਪੂਰੇ ਕਰਨ ਵਾਲੇ 2018 ਅਤੇ 2019 ਬੈੱਚਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਡਾ. ਰਾਜ ਬਹਾਦਰ ਨੇ ਦੱਸਿਆ ਕਿ ਯੂਨੀਵਰਸਿਟੀ ਤੋਂ 87 ਵਿਦਿਆਰਥੀਆਂ ਨੇ ਬੈਚਲਰ ਡਿਗਰੀ, 61 ਨੇ ਮਾਸਟਰ ਡਿਗਰੀ, 2 ਵਿਦਿਆਰਥੀਆਂ ਨੇ ਸੁਪਰ ਸਪੈਸ਼ਲਿਏਸ਼ਨ ਡਿਗਰੀ ਅਤੇ 10 ਖੋਜਾਰਥੀਆਂ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਇਸ ਮੌਕੇ ਮੋਹਰੀ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਤੇ ਮੈਡਲ ਵੀ ਵੰਡੇ ਗਏ। ਪ੍ਰਬੰਧਕਾਂ ਨੇ ਦੱਸਿਆ ਕਿ 87 ਬੈਚਲਰ ਡਿਗਰੀਆਂ ਵਿੱਚੋਂ 24 ਐਮ.ਬੀ.ਬੀ.ਐੱਸ ਗ੍ਰੈਜੂਏਟ, 17 ਨਰਸਿੰਗ ਗ੍ਰੈਜੂਏਟ, 25 ਫਿਜ਼ੀਓਥੈਰੇਪੀ ਅਤੇ 21 ਮੈਡੀਕਲ ਵਿਗਿਆਨ ਦੇ ਗ੍ਰੈਜੂਏਟ ਸ਼ਾਮਲ ਸਨ। ਜਦੋਂ ਕਿ 61 ਮਾਸਟਰ ਡਿਗਰੀਆਂ ਵਿੱਚੋਂ 21 ਐੱਮਡੀ/ਐੱਮ.ਐੱਸ, 1 ਐੱਮ.ਡੀ.ਐੱਸ, 35 ਐੱਮ.ਸੀ ਸੀ. (ਨਰਸਿੰਗ), 2 ਐੱਮ.ਪੀ.ਟੀ ਅਤੇ 2 ਐੱਮ.ਐੱਸ.ਸੀ (ਅਲਾਇਡ ਹੈਲਥ ਸਾਇੰਸਜ਼) ਦੇ ਵਿਦਿਆਰਥੀ ਸ਼ਾਮਲ ਸਨ। ਸ੍ਰੀ ਬਦਨੌਰ ਨੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਵੀ ਟੇਕਿਆ।