ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਮਾਰਚ
ਡੀਜ਼ਲ-ਪਟਰੋਲ ਕੀਮਤਾਂ ਇੱਕ ਸੌ ਰੁਪਏ ਨੂੰ ਪੁੱਜਣ ’ਤੇ ਵਹੀਕਲਾਂ ’ਚ ਸੀਐਨਜੀ ਕਿੱਟਾਂ ਦੇ ਵਧਦੇ ਰੁਝਾਨ ਨੇ ਜਾਇਜ਼-ਨਾਜਾਇਜ਼ ਕਾਰੋਬਾਰ ਨੂੰ ਵੀ ਹਵਾ ਦੇ ਦਿੱਤੀ ਹੈ। ਦਿੱਲੀ ਪੁਲੀਸ ਨੇ ਇੱਥੇ ਬਠਿੰਡਾ ਰੋਡ ਉੱਪਰ ਸੀਐੱਨਜੀ ਕਿੱਟ ਦੁਕਾਨ ’ਤੇ ਛਾਪਾ ਮਾਰਿਆ। ਪੁਲੀਸ ਨੂੰ ਦੁਕਾਨ ਵਿੱਚੋਂ ਗੈਸ ਕਿੱਟ ਲਈ ਵਰਤੇ ਜਾਣ ਵਾਲੇ ਕਈ ਸਿਲੰਡਰ, ਅਲੋਇ ਵੀਲ ਅਤੇ ਹੋਰ ਸਮਾਨ ਬਰਾਮਦ ਕੀਤਾ। ਸੂਤਰਾਂ ਅਨੁਸਾਰ ਇਹ ਸਾਮਾਨ ਦਿੱਲੀ ਤੋਂ ਚੋਰੀ ਕਰਕੇ ਲਿਆਂਦਾ ਗਿਆ ਸੀ। ਦਿੱਲੀ ਪੁਲੀਸ ਨੇ ਇਹ ਛਾਪੇਮਾਰੀ ਦਿੱਲੀ ਦੇ ਵਪਾਰੀ ਦੀ ਨਿਸ਼ਾਨਦੇਹੀ ’ਤੇ ਕੀਤੀ। ਪੁਲੀਸ ਸਿਟੀ ਥਾਣੇ ਵਿੱਚ ਹਾਜ਼ਰੀ ਪਾਉਣ ਉਪਰੰਤ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਨਾਲ ਲੈ ਗਈ। ਪਤਾ ਲੱਗਿਆ ਹੈ ਕਿ ਦਿੱਲੀ ਪੁਲੀਸ ਨੇ ਇਸ ਚੋਰੀ ਸਬੰਧੀ ਬਠਿੰਡਾ ਵਿੱਚ ਛਾਪੇਮਾਰੀ ਕੀਤੀ ਅਤੇ ਉਥੋਂ ਵੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਖੇਤਰ ਵਿੱਚ ਬਿਨਾਂ ਕਿਸੇ ਸਰਕਾਰੀ ਮਨਜੂਰੀ ਦੇ ਸੀਐੱਨਜੀ ਕਿੱਟ ਲਗਾਉਣ ਦਾ ਕਾਰੋਬਾਰ ਕਾਫ਼ੀ ਵਧ ਫੁੱਲ ਰਿਹਾ ਹੈ। ਸਿਟੀ ਪੁਲੀਸ ਦੇ ਮੁਖੀ ਨੇ ਦਿੱਲੀ ਪੁਲੀਸ ਦੇ ਛਾਪੇਮਾਰੀ ਅਤੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਲਿਜਾਣ ਦੀ ਪੁਸ਼ਟੀ ਕੀਤੀ ਹੈ।