ਭੁੱਚੋ ਮੰਡੀ: ਐਂਪਲਾਈਜ਼ ਫੈਡਰੇਸ਼ਨ (ਚਾਹਲ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਥਰਮਲ ਦੇ ਮੁੱਖ ਇੰਜਨੀਅਰ ਐੱਮਐੱਸ ਧੀਮਾਨ ਨਾਲ ਮੀਟਿੰਗ ਕਰਕੇ ਪਾਵਰਕੌਮ ਪਟਿਆਲਾ ਵੱਲੋਂ ਥਰਮਲ ਬਠਿੰਡਾ ਦੀਆਂ ਪੈਡਿੰਗ ਪਈਆਂ 70 ਪੋਸਟਾਂ ਖ਼ਤਮ ਕੀਤੇ ਜਾਣ ’ਤੇ ਭਾਰੀ ਰੋਸ ਜ਼ਾਹਰ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਨਿੰਮਾ ਨੇ ਮੰਗ ਕੀਤੀ ਕਿ ਇਨ੍ਹਾਂ 70 ਪੋਸਟਾਂ ਨੂੰ ਖ਼ਤਮ ਕਰਨ ਦੀ ਬਜਾਏ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ 30 ਜੂਨ 2022 ਤੋਂ ਪਹਿਲਾਂ ਬਕਾਇਆ ਤਰੱਕੀਆਂ ਕਰਨ ਦੀ ਵੀ ਮੰਗ ਕੀਤੀ। ਚੀਫ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਜੋ ਤਰੱਕੀ ਕੋਟੇ ਦੀਆਂ ਪੋਸਟਾਂ ਖਾਲੀ ਹਨ, ਉਨ੍ਹਾਂ ’ਤੇ ਤਰੱਕੀਆਂ ਕਰ ਦਿੱਤੀਆ ਜਾਣਗੀਆਂ ਅਤੇ ਕਰਮਚਾਰੀਆਂ ਦੇ ਬਾਕੀ ਸਰਟੀਫਿਕੇਟ ਜਾਰੀ ਕਰਨ ਦੇ ਕੰਮ ਨੂੰ ਵੀ ਸਮਾਬੱਧ ਕੀਤਾ ਜਾਵੇਗਾ। -ਪੱਤਰ ਪ੍ਰੇਰਕ