ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 14 ਅਗਸਤ
ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ’ਤੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਆਜ਼ਾਦੀ ਦੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਹੋਈ ਹੈ। ਸਰਕਾਰ ਵੱਲੋਂ ਵੱਖ ਵੱਖ ਮਾਧਿਅਮ ਰਾਹੀਂ ਝੰਡੇ ਵੀ ਵੇਚੇ ਜਾ ਰਹੇ ਹਨ। ਦੇਸ਼ ਵਾਸੀ ਸੈਲਫੀ ਖਿੱਚ ਕੇ ਲਿੰਕਾਂ ’ਤੇ ਆਪਣੀਆਂ ਫੋਟੋਆਂ ਭੇਜ ਰਹੇ ਹਨ। ਸੋਸ਼ਲ ਮੀਡੀਆ ਉਪਰ ਵੀ ਫੋਟੋ ਪਾ ਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਜਾ ਰਿਹਾ ਹੈ ਪਰ ਆਜ਼ਾਦੀ ਦੇ 75 ਵਰ੍ਹਿਆਂ ਤੱਕ ਵੀ ਜਿਨ੍ਹਾਂ ਕੋਲ ਰਹਿਣ ਲਈ ਆਪਣਾ ਅਜੇ ਤੱਕ ਘਰ ਨਹੀਂ, ਉਹ ਮੁੱਢਲੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਹਨ। ਇਹ ਬੇਘਰ ਲੋਕ ਦੇਸ਼ ਦੇ ਹੁਣ ਤੱਕ ਦੇ ਹਾਕਮਾਂ ਲਈ ਇੱਕ ਸਵਾਲ ਹਨ। ਨਿਹਾਲ ਸਿੰਘ ਵਾਲਾ ਵਿੱਚ ਅਨਾਜ ਮੰਡੀ ਨੇੜੇ ਕੁੱਲੀਆਂ ਵਿੱਚ ਰਹਿ ਰਹੇ ਪਰਿਵਾਰ ਦੇ ਦਰਸ਼ਨਾਂ, ਰਾਜੂ, ਪੂਜਾ, ਮਾਇਆ, ਵਜ਼ੀਰ ਆਦਿ ਨੇ ਕਿਹਾ ਕਿ ਸਾਡਾ ਵੀ ਦਿਲ ਕਰਦਾ ਹੈ ਕਿ ਆਪਣੇ ਘਰ ’ਤੇ ਝੰਡੇ ਲਗਾਈਏ। ਉਨ੍ਹਾਂ ਕਿਹਾ ਕਿ ਸਾਡੇ ਤਾਂ ਸਿਰ ’ਤੇ ਛੱਤ ਨਹੀਂ ਹੈ। ਕੋਠੀ ਕਿੱਥੇ? ਕੁੱਲੀਆਂ ’ਚ ਰਹਿਨੇ ਆ, ਮੀਂਹ-ਹਨੇਰੀ ਵਿੱਚ ਜਾਨ ’ਤੇ ਬਣ ਜਾਂਦੀ ਹੈ। ਲੋਕ ਖੁਸ਼ੀਆਂ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਕਰੋੜਾਂ ਦੇ ਘਪਲੇ ਹੋ ਰਹੇ ਹਨ ਪਰ ਸਾਨੂੰ ਗਰੀਬਾਂ ਨੂੰ ਹੀ ਸਰਕਾਰ ਕੁਝ ਵੰਡ ਦੇ ਦਿਆ ਕਰੇ।
ਦੱਸਣਯੋਗ ਹੈ ਕਿ ਇਨ੍ਹਾਂ ਪਰਿਵਾਰਾਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ। ਆਧਾਰ ਕਾਰਡ ਵੀ ਬਣੇ ਹਨ। ਕਿਰਤ ਕਮਾਈ ਕਰ ਕੇ ਪੇਟ ਭਰਨ ਵਾਲੇ ਪਰਿਵਾਰ ਖੂਨ ਪਸੀਨੇ ਦੀ ਕਮਾਈ ਨਾਲ ਆਪਣਾ ਘਰ ਬਣਾਉਣ ਤੋਂ ਅਸਮਰਥ ਹਨ। ਇਨ੍ਹਾਂ ਦੀ ਵੋਟਾਂ ਵੇਲੇ ਜਰੂਰ ਪੁੱਛ ਪੜਤਾਲ ਹੁੰਦੀ ਹੈ ਪਰ ਕਿਸੇ ਸਰਕਾਰ ਨੇ ਰਹਿਣ ਲਈ ਮਕਾਨ ਵਗੈਰਾ ਨਹੀਂ ਬਣਾ ਕੇ ਦਿੱਤੇ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੋ ਦੋ ਮਰਲੇ ਦੇ ਪਲਾਟ ਕੱਟ ਦੇਵੇ, ਘਰ ਬਣਾਉਣ ਲਈ ਰਾਸ਼ੀ ਦੇਵੇ। ਜੇ ਅਸੀਂ ਗ਼ਰੀਬ ਹਾਂ ਤਾਂ ਸਾਡਾ ਕੀ ਕਸੂਰ। ਡਾ. ਹਰਗੁਰਪ੍ਰਤਾਪ ਸਿੰਘ, ਰਣਜੀਤ ਬਾਵਾ, ਸੁਖਦੇਵ ਭੋਲਾ, ਗੁਰਦਿੱਤ ਦੀਨਾ ਆਦਿ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਗਰੀਬ ਲੋੜਵੰਦ ਲੋਕਾਂ ਦਾ ਸਹਾਰਾ ਬਣ ਕੇ ਮੁਢਲੀਆਂ ਸਹੂਲਤਾਂ ਤੇ ਰੁਜ਼ਗਾਰ ਦਾ ਪ੍ਰਬੰਧ ਕਰੇ।