ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਅਗਸਤ
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਊਟਸੋਰਸਿੰਗ ਵਿਧੀ ਰਾਹੀਂ ਭਰਤੀ 24 ਕਲਰਕ ਅਤੇ 12 ਦਰਜਾ ਚਾਰ ਕਰਮਚਾਰੀ ਜਨਵਰੀ 2010 ਤੋਂ ਸਰਕਾਰ ਵੱਲੋਂ ਮਨਜ਼ੂਰਸੁਦਾ ਅਸਾਮੀਆਂ ’ਤੇ ਤਾਇਨਾਤ ਹਨ। ਪਿਛਲੀ ਸਰਕਾਰ ਵੱਲੋਂ ਅਧੀਨ ਸੇੇਵਾਵਾਂ ਚੋਣ ਬੋਰਡ ਰਾਹੀਂ ਕਲਰਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਦਾ ਲਿਖਤੀ ਇਮਤਿਹਾਨ ਹੋਣ ਉਪਰੰਤ ਟਾਈਪ ਟੈਸਟ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ ਜਿਸ ਵਿੱਚ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ 26 ਕਲਰਕ ਭੇਜੇ ਜਾਣ ਬਾਰੇ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜਿਸਦੀ ਕਾਊਂਸਲਿੰਗ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਇਥੇ ਪਹਿਲਾਂ ਤੋਂ ਤਾਇਨਾਤ ਇਹ 24 ਕਰਮਚਾਰੀ ਪਿਛਲੇ 12 ਸਾਲਾਂ ਤੋਂ ਪੱਕੇ ਹੋਣ ਦੀ ਆਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹੁਣ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਜੋ 24 ਕਲਰਕ ਦਫ਼ਤਰ ਡਿਪਟੀ ਕਮਿਸ਼ਨਰ ਭੇਜੇ ਜਾ ਰਹੇ ਹਨ ਉਨ੍ਹਾਂ ਦੇ ਇੱਥੇ ਨਿਯੁਕਤ ਹੋਣ ਨਾਲ ਇਨ੍ਹਾਂ ਆਊਟਸੋਰਸ ਕਲਰਕਾਂ ਦਾ ਰੁਜ਼ਗਾਰ ਖਤਰੇ ਵਿੱਚ ਹੈ। ਰੋਸ ਵਜੋਂ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਚ ਕੰਮ ਬੰਦ ਕਰਕੇ ਧਰਨਾ ਦਿੱਤਾ ਗਿਆ।