ਪੱਤਰ ਪ੍ਰੇਰਕ
ਲੰਬੀ, 23 ਫਰਵਰੀ
ਜੰਗਲਾਤ ਵਿਭਾਗ ਦੇ ਕਰੀਬ ਪੰਜ ਹਜ਼ਾਰ ਦਿਹਾੜੀਦਾਰ ਬੇਲਦਾਰ ਪੱਕੀ ਨੌਕਰੀ ਲਈ ਸੜਕਾਂ ’ਤੇ ਉਤਰਨ ਤੋਂ ਪਹਿਲਾਂ ਸੂਬੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਨੂੰ ਇਖ਼ਲਾਕੀ ਫਰਜ਼ ਨਿਭਾਉਣ ਲਈ ਅਰਜ਼ੋਈ ਕਰ ਰਹੇ ਹਨ। ਅੱਜ ਜੰਗਲਾਤ ਵਰਕਰਜ਼ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਲੰਬੀ ਤੋਂ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਦੇਣ ਪੁੱਜਿਆ। ਕੋਵਿਡ-19 ਕਰਕੇ ਵਫ਼ਦ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਪ੍ਰਧਾਨ ਦੇ ਨਿੱਜੀ ਸਕੱਤਰ ਜਥੇਦਾਰ ਅਵਤਾਰ ਸਿੰਘ ਬਨਵਾਲਾ ਨੇ ਮੰਗ ਪੱਤਰ ਹਾਸਲ ਕੀਤਾ। ਸੂਬੇ ਵਿੱਚ ਜੰਗਲਾਤ ਵਿਭਾਗ ’ਚ ਤਿੰਨ ਸਾਲਾਂ ਤੋਂ ਪੱਕੇ ਕਰੀਬ 28 ਸੌ ਅਤੇ ਦਸ ਸਾਲਾਂ ਤੋਂ ਪੱਕੇ ਹੋਣ ਨੂੰ ਕਰੀਬ 14 ਸੌ ਬੇਲਦਾਰ ਸੰਘਰਸ਼ ਕਰ ਰਹੇ ਹਨ। ਸਰਕਾਰ ਉਨ੍ਹਾਂ ਦੀ ਮੰਗ ’ਤੇ ਧਿਆਨ ਨਹੀਂ ਦੇ ਰਹੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਕਿਹਾ ਕਿ ਸਰਕਾਰ ਬੇਲਦਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ 2 ਮਾਰਚ ਨੂੰ ਮੁਹਾਲੀ ਵਿੱਚ ਜੰਗਲਾਤ ਵਿਭਾਗ ਦੇ ਮੁੱਖ ਦਫ਼ਤਰ ਮੂਹਰੇ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ। ਜੇਕਰ ਸਰਕਾਰ ਨੇ ਮੰਗਾਂ ਨਾ ਕਬੂਲੀਆਂ ਤਾਂ ਜੰਗਲਾਤ ਮੰਤਰੀ ਦੀ ਕੋਠੀ ਘੇਰੀ ਜਾਵੇਗੀ।