ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 28 ਅਕਤੂਬਰ
ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਲੱਖੀ ਕਲੋਨੀ ’ਚ ਪਿਛਲੇ 7 ਦਿਨਾਂ ’ਚ ਹੀ 5 ਵਿਅਕਤੀਆਂ ਦੇ ਮੋਬਾਈਲ ਲੁਟੇਰਿਆਂ ਵੱਲੋਂ ਖੋਹ ਲਏ ਗਏ ਹਨ ਪਰ ਪੁਲੀਸ ਹਾਲੇ ਤੱਕ ਲੁਟੇਰਿਆਂ ਦੀ ਪੈੜ ਨਹੀਂ ਨੱਪ ਸਕੀ। ਬੀਤੇ ਦਿਨ ਲੱਖੀ ਕਲੋਨੀ ਵਿੱਚ ਜਿੰਮ ਕੋਲ ਦਿਨ ਦਿਹਾੜੇ ਬੈਂਕ ਮੁਲਾਜ਼ਮ ਹਿਤੇਸ਼ ਕੁਮਾਰ ਕੋਲੋਂ ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਕਲੋਨੀ ਵਾਸੀ ਬੈਂਕ ਮੈਨੇਜਰ ਰਾਜਿੰਦਰ ਕੁਮਾਰ ਤੋਂ ਦੀਵਾਲੀ ਵਾਲੀ ਰਾਤ ਅਤੇ ਐਡਵੋਕੇਟ ਚੰਦਰ ਸੇਖਰ ਆਜ਼ਾਦ ਤੋਂ ਵੀ ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਅੱਜ ਲੱਖੀ ਕਲੋਨੀ ਵਾਸੀ ਇੱਕਠੇ ਹੋ ਕੇ ਲੁੱਟ ਖੋਹ ਦੀਆਂ ਵਧ ਰਹੀਆਂ ਘਟਨਾਵਾਂ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਮੋਬਾਈਲ ਖੋਹਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਡੀਐੱਸਪੀ ਦੀ ਅਗਵਾਈ ’ਚ ਵਿਸ਼ੇਸ਼ ਟੀਮ ਬਣਾਈ ਗਈ ਹੈ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।