ਸ਼ਗਨ ਕਟਾਰੀਆ
ਬਠਿੰਡਾ, 11 ਜੁਲਾਈ
ਇੱਥੇ ਬਠਿੰਡਾ-ਮਾਨਸਾ ਹਾਈਵੇਅ ’ਤੇ ਸਥਿਤ ਜ਼ਮੀਨਦੋਜ਼ ਪੁਲ ਦੀ ਹਾਲਤ ਸੁਧਾਰਨ ਦੀ ਮੰਗ ਲੈ ਕੇ ਵਫ਼ਦ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮਿਲਿਆ। ਵਫ਼ਦ ’ਚ ਸ਼ਾਮਿਲ ਰੈਜੀਡੈਂਟਸ ਸੁਸ਼ਾਂਤ ਸਿਟੀ-2 ਬਠਿੰਡਾ ਦੀ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਜੱਸੀ ਪੌ ਵਾਲੀ, ਫੂਸ ਮੰਡੀ, ਭਾਗੂ, ਕਟਾਰ ਸਿੰਘ ਵਾਲਾ, ਸੁਸ਼ਾਂਤ ਸਿਟੀ-1, ਕੋਟ ਸ਼ਮੀਰ ਦੇ ਮੋਹਤਬਰ ਮੌਜੂਦ ਸਨ। ਵਫ਼ਦ ਵੱਲੋਂ ਪੁਲ ਦੀ ਮੁਰੰਮਤ, ਸਫ਼ਾਈ, ਰੌਸ਼ਨੀ ਅਤੇ ਮੀਂਹ ਦੇ ਮੌਸਮ ’ਚ ਪੁਲ ਵਿਚ ਰੁਕਦੇ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਵਫ਼ਦ ਨੇ ਬਠਿੰਡਾ ਤੋਂ ਵਾਇਆ ਫੂਸ ਮੰਡੀ ਦੋ ਕਿਲੋਮੀਟਰ ਦੀ ਲਿੰਕ ਰੋਡ ਬਣਾਉਣ ਦੀ ਮੰਗ ਵੀ ਕੀਤੀ ਗਈ, ਜੋ ਕਿ ਬਰਸਾਤ ਦੇ ਦਿਨਾਂ ਵਿੱਚ ਸਰਵਿਸ ਰੋਡ ਦਾ ਕੰਮ ਕਰੇਗੀ।
ਵਫ਼ਦ ਨੇ ਦੱਸਿਆ ਕਿ ਅੰਡਰ ਬਰਿੱਜ ਲੋਕਾਂ ਲਈ ਸੰਕਟ ਬਣਦਾ ਜਾ ਰਿਹਾ ਹੈ। ਇਥੋਂ ਗੁਜ਼ਰਦਾ ਪ੍ਰਮੁੱਖ ਮਾਰਗ ਬਠਿੰਡਾ ਨੂੰ ਦਿੱਲੀ, ਸਿਰਸਾ, ਪਟਿਆਲਾ, ਚੰੜੀਗੜ੍ਹ ਆਦਿ ਸ਼ਹਿਰ ਨਾਲ ਜੋੜਦਾ ਹੈ। ਵਫ਼ਦ ਨੇ ਦੱਸਿਆ ਕਿ ਵਿਧਾਇਕ ਸ੍ਰੀ ਗਿੱਲ ਵੱਲੋਂ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।