ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਜੂਨ
ਲੋਕ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਧੰਨਵਾਦੀ ਦੌਰੇ ’ਤੇ ਮੁਕਤਸਰ ਪੁੱਜੇ ਹਲਕਾ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਪਾਸੋਂ ਸ਼ਹਿਰ ਵਾਸੀਆਂ ਨੇ ਮੁਕਤਸਰ ਨੂੰ ਰੇਲ ਮਾਰਗ ਰਾਹੀਂ ਚੰਡੀਗੜ੍ਹ, ਦਿੱਲੀ ਤੇ ਗੰਗਾਨਗਰ ਨਾਲ ਸਿੱਧਾ ਜੋੜਨ ਦੀ ਮੰਗ ਕੀਤੀ ਹੈ। ਇਸ ਮੌਕੇ ‘ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ’ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਜਰਨਲ ਸਕੱਤਰ ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਦੇਸ ਰਾਜ ਤਨੇਜਾ, ਸੰਜੀਵ ਖੇੜਾ, ਸ਼ੰਮੀ ਤੇਰ੍ਹੀਆ ਪ੍ਰਧਾਨ ਅਤੇ ਹੋਰ ਮੁੱਖ ਸ਼ਹਿਰੀਆਂ ਨੇ ਦੱਸਿਆ ਕਿ ਮੁਕਤਸਰ ਦੇ ਵਿਕਾਸ ਲਈ ਰੇਲ ਮਾਰਗਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਬਠਿੰਡਾ ਤੋਂ ਗੰਗਾਨਗਰ ਵਾਇਆ ਮੁਕਤਸਰ-ਫਾਜ਼ਿਲਕਾ ਰੇਲ ਗੱਡੀ ਚਲਾਈ ਜਾਵੇ। ਆਜ਼ਾਦੀ ਤੋਂ ਬਾਅਦ ਫਾਜ਼ਿਲਕਾ ਅਤੇ ਮੁਕਤਸਰ ਤੋਂ ਨਾ ਹੀ ਚੰਡੀਗੜ੍ਹ ਅਤੇ ਨਾ ਹੀ ਨਵੀਂ ਦਿੱਲੀ ਨੂੰ ਰੇਲਵੇ ਦੀ ਸਿੱਧੀ ਸਰਵਿਸ ਮਿਲੀ ਹੈ। ਫਾਜ਼ਿਲਕਾ ਤੋਂ ਚੰਡੀਗੜ੍ਹ ਵਾਇਆ ਬਠਿੰਡਾ ਅਤੇ ਫਾਜ਼ਿਲਕਾ ਤੋਂ ਨਵੀਂ ਦਿੱਲੀ ਵਾਇਆ ਰੋਹਤਕ ਰੇਲ ਗੱਡੀ ਚਲਾਈ ਜਾਵੇ।