ਸ਼ਹਿਣਾ: ਕਸਬੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਏ ਜਾਣ ਦਾ ਵਾਅਦਾ ਪੂਰਾ ਕਰਨ ਲਈ ਸਮਾਜ ਸੇਵੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਮੀਤ ਹੇਅਰ ਨੂੰ ਯਾਦ ਪੱਤਰ ਭੇਜੇ ਹਨ। ਲੱਖੀ ਸਿੰਘ, ਬੌਬੀ ਸੋਬਤੀ, ਕੁਲਦੀਪ ਸਿੰਘ, ਪੱਪੂ ਸਿੰਘ, ਸੁਰਜੀਤ ਸਿੰਘ, ਚਮਕੌਰ ਸਿੰਘ ਨੇ ਦੱਸਿਆ ਕਿ ਲੰਘੀਆਂ ਲੋਕ ਸਭਾ ਚੋਣਾਂ ਵੇਲੇ ਮੀਤ ਹੇਅਰ ਨੇ ਵਾਅਦਾ ਕੀਤਾ ਸੀ ਕਿ ਉਹ ਜਿੱਤ ਕੇ ਜਲਦੀ ਹੀ ਕਸਬੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣਗੇ। ਸਮਾਜ ਸੇਵੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਵੇਲੇ ਰੋਡ-ਸ਼ੋਅ ’ਚ ਕਸਬੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਅਤੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਸਬੇ ਸ਼ਹਿਣਾ ਦੇ ਵਿਕਾਸ ਕਾਰਜਾਂ, ਨਗਰ ਪੰਚਾਇਤ ਬਣਾਉਣ ਸਬੰਧੀ ਹੋਰ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਮੰਗ ਕੀਤੀ। -ਪੱਤਰ ਪ੍ਰੇਰਕ