ਨਿੱਜੀ ਪੱਤਰ ਪ੍ਰੇਰਕ
ਮਲੋਟ, 29 ਸਤੰਬਰ
ਪੰਜਾਬ ਸਰਕਾਰ ਵੱਲੋਂ ਮੀਂਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੀ ਫ਼ਸਲ ਖਰਾਬੇ ਦਾ ਅਜੇ ਤੱਕ ਮੁਆਵਜ਼ਾ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਹਰਮੇਲ ਸਿੰਘ, ਸੁਖਵਿੰਦਰ ਸਿੰਘ ਪਿੰਡ ਮਿੱਡਾ, ਬਲਵਿੰਦਰ ਸਿੰਘ ਪੰਨੀਵਾਲਾ ਫੱਤਾ, ਜਗਮੀਤ ਸਿੰਘ ਝੋਰੜ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ, ਮਿੱਡਾ, ਬੋਦੀਵਾਲਾ, ਅਸਪਾਲਾਂ ਤੇ ਪੰਨੀਵਾਲਾ ਫੱਤਾ ਆਦਿ ਦੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਉਨ੍ਹਾਂ ਨਾਲ ਵਾਅਦਾ ਕਰ ਕੇ ਗਏ ਸਨ ਕਿ ਜਲਦੀ ਹੀ ਫ਼ਸਲ ਖਰਾਬੇ ਦੀ ਗਿਦਾਵਰੀ ਕਰਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ, ਜੋ ਕਰੀਬ ਦੋ ਮਹੀਨੇ ਬੀਤ ਜਾਣ ’ਤੇ ਵੀ ਨਹੀਂ ਮਿਲਿਆ। ਇਸੇ ਤਰ੍ਹਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਬਸ਼ਿੰਦਿਆਂ ਮਾਨਾ ਰਾਮ ਵਾਰਡ ਨੰਬਰ 13, ਜੋਗਿੰਦਰ ਸਿੰਘ ਵਾਰਡ ਨੰਬਰ 14, ਹਰਮੀਤ ਸਿੰਘ ਵਾਰਡ ਨੰਬਰ 27 ਆਦਿ ਨੇ ਦੱਸਿਆ ਕਿ ਉਨ੍ਹਾਂ ਮੀਂਹ ਕਾਰਨ ਦੀਆਂ ਛੱਤਾਂ ਡਿੱਗ ਪਈਆਂ ਸਨ , ਜਾਂ ਨੁਕਸਾਨੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਮਾਲੀ ਮਦਦ ਲਈ ਸਰਕਾਰ ਨੂੰ ਅਰਜ਼ੀਆਂ ਵੀ ਦਿੱਤੀਆਂ ਸਨ , ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਗਿਰਦਾਵਰੀ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ , ਸ਼ਹਿਰ ਵਿੱਚ ਮੀਂਹ ਕਾਰਨ ਡਿੱਗੀਆਂ ਜਾਂ ਨੁਕਸਾਨੀਆਂ ਛੱਤਾਂ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ।