ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 11 ਜੁਲਾਈ
ਗਿੱਦੜਬਾਹਾ ਦੇ ਪਿੰਡ ਬਬਾਨੀਆਂ ਵਿੱਚ ਕੁਝ ਵਿਅਕਤੀਆਂ ਨੇ ਗ਼ਰੀਬ ਦਲਿਤ ਪਰਿਵਾਰ ਦਾ ਘਰ ਢਾਹ ਦਿੱਤਾ। ਜਗਤਾਰ ਸਿੰਘ ਅਤੇ ਉਸਦੀ ਪਤਨੀ ਰੱਜੀ ਨੇ ਦੱਸਿਆ ਕਿ ਪਿਛਲੇ ਪੰਜਾਹ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਇਸ ਥਾਂ ’ਤੇ ਰਹਿ ਰਿਹਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਨੇ ਰੇਸ਼ਮ ਸਿੰਘ ਤੋਂ ਨੌਂ ਮਰਲੇ ਥਾਂ ਲੈ ਕੇ ਘਰ ਬਣਾਇਆ ਸੀ। ਗੁਆਂਢੀ ਰੇਸ਼ਮ ਸਿੰਘ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਟਰੈਕਟਰ ਚਲਾ ਕੇ ਸਰਕਾਰੀ ਫਲੱਸ਼, ਨਹਾਉਣ ਵਾਲਾ ਬਾਥਰੂਮ ਅਤੇ ਚਾਰਦੀਵਾਰੀ ਢਾਹ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਬਹੁਤ ਮੁਸ਼ਕਲ ਨਾਲ ਘਰ ਪਾਇਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਨੇ ਜਗ੍ਹਾ ਘੱਟ ਮੁੱਲ ਲਈ ਸੀ ਤੇ ਕਬਜ਼ਾ ਵੱਧ ’ਤੇ ਕਰ ਰੱਖਿਆ ਸੀ। ਧਮਕੀਆਂ ਦੇਣ ਸਬੰਧੀ ਲਾਏ ਦੋਸ਼ਾਂ ਨੂੰ ਉਨ੍ਹਾਂ ਬੇਬੁਨਿਆਦ ਦੱਸਿਆ। ਇਸ ਬਾਬਤ ਐੱਸਐੱਚਓ ਪਰਮਜੀਤ ਸਿੰਘ ਨੇ ਕਿਹਾ ਕਿ ਪੀੜਤ ਵਿਅਕਤੀ ਨਾਲ ਇਨਸਾਫ਼ ਕੀਤਾ ਜਾਵੇਗਾ।