ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 1 ਅਪਰੈਲ
ਸੂਬੇ ਦੇ ਨੌਂ ਜ਼ਿਲ੍ਹਿਆਂ ਵਿਚਲੇ ਸਾਇਲੋ (ਗੋਦਾਮਾਂ) ਕਣਕ ਭੰਡਾਰਨ ਦੀ ਖੁੱਲ੍ਹ ਦੇਣ ਖ਼ਿਲਾਫ਼ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਜ਼ਦੂਰ ਆਗੂ ਡਿੱਪੂ ਪ੍ਰਧਾਨ ਜਸਵੀਰ ਸਿੰਘ ਡੈਲੂਆਣਾ ਤੇ ਸੈਕਟਰੀ ਜੱਗਾ ਸਿੰਘ ਸਤੀਕੇ ਨੇ ਬੋਲਦਿਆਂ ਕਿਹਾ ਕਿ ਮੰਡੀ ਬੋਰਡ ਵੱਲੋਂ ਸਾਇਲੋ ਵਿੱਚ ਕਣਕ ਭੰਡਾਰਨਣ ਦੀ ਖੁੱਲ੍ਹ ਦੇਣ ਦਾ ਫ਼ੈਸਲਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਕਾਰਨ ਮੰਡੀਆਂ ਅੰਦਰ ਕੰਮ ਕਰਦੇ ਕਰੀਬ 15 ਹਜ਼ਾਰ ਗਰੀਬ ਮਜ਼ਦੂਰ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਨੂੰ ਪੰਜਾਬ ਅੰਦਰ ਲਾਗੂ ਕਰਕੇ ਮਜ਼ਦੂਰ ਵਰਗ ਦੇ ਹਿੱਤਾਂ ’ਤੇ ਕੁਹਾੜਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਹੋ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਹਰਮੀਤ ਸਿੰਘ, ਜਗਤਾਰ ਸਿੰਘ ਮੰਡੇਰ, ਸਾਬਕਾ ਸੂਬਾ ਪ੍ਰਧਾਨ ਸੁਖਦੇਵ ਸਿੰਘ, ਨਿਰਮਲ ਦਾਸ, ਵਿਰਸਾ ਸਿੰਘ, ਰਾਮਧਨ ਸਿੰਘ, ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ ਕਲੀਪੁਰ, ਜਸਵੀਰ ਸਿੰਘ ਜੱਸੀ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਆਗੂ ਹਾਜ਼ਰ ਸਨ।
ਬਲਦੇਵ ਜ਼ੀਰਾ ਵੱਲੋਂ ਸਰਕਾਰ ਦੀ ਨਿਖੇਧੀ
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਇਲੋ ਵਿੱਚ ਕਣਕ ਭੰਡਾਰਨ ਦੀ ਖੁੱਲ੍ਹ ਦੇ ਕੇ ਕਿਸਾਨ ਵਿਰੋਧੀ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਤਿੰਨ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਨੇ ਰੱਦ ਕਰਵਾਏ ਸਨ, ਉਨ੍ਹਾਂ ਵਿੱਚੋਂ ਸਰਕਾਰੀ ਮੰਡੀਆਂ ਖਤਮ ਕਰਨ ਵਾਲੇ ਕਾਨੂੰਨ ਨੂੰ ਚੋਰ ਦਰਵਾਜ਼ੇ ਰਾਹੀਂ ਮੁੜ ਕੇ ਲਿਆਉਣ ਦਾ ਹੀ ਇਹ ਇੱਕ ਕੋਝਾ ਯਤਨ ਹੈ।